Thursday, May 9, 2013

ਅਲਵਿਦਾ ਕੱਚੀ ਪਹਿਲੀ ਦਿਆ ਪੱਕਿਆ ਯਾਰਾ!


ਕੇਹੀ ਖੇਡ ਰਚਾਈ ਹੈ, ਰਚਣਹਾਰ ਨੇ! ਪਤਾ ਨਹੀਂ ਕਦੋਂ, ਕੌਣ ''ਹੈ'' ਤੋਂ ''ਸੀ'' ਹੋ ਜਾਏ। ਕੱਲ ਤੱਕ ਜਗਰੂਪ ਮੇਰੇ ਪਿੰਡ ਦੀ ਸੱਥ ਦੀ ਰੌਣਕ ਸੀ ਪਰ ਅੱਜ........? ਅੱਜ ਤੜਕਸਾਰ ਜਦੋਂ ਮੋਬਾਈਲ ਚੁੱਕਿਆ ਤਾਂ ਇੰਗਲੈਂਡ ਵੱਸਦੇ ਤਾਏ ਦੇ ਪੁੱਤ ਸ਼ਮਸ਼ੇਰ ਵੀਰ ਦਾ ਸੁਨੇਹਾ ਪੜ੍ਹਿਆ, ''ਮੱਦਾ ਸਿੰਘ ਨੋ ਮੋਰ''। ਇਕ ਵਾਰ ਤਾਂ ਯਕੀਨ ਨਹੀਂ ਆਇਆ ਕਿ ਮੱਦੇ ਜਿਹੇ ਜਰਵਾਣੇ ਨੂੰ ਅਚਾਨਕ ਇਹ ਕੀ ਹੋ ਗਿਆ। ਮੁੜ ਪਤਾ ਲੱਗਿਆ ਕਿ ਉਸ ਨੂੰ ਕੈਂਸਰ ਨੇ ਆਪਣੀ ਲਪੇਟ 'ਚ ਲੈ ਲਿਆ। ਕੁਝ ਇਕ ਰਿਸ਼ਤੇ ਇਹੋ ਜਿਹੇ ਹੁੰਦੇ ਹਨ, ਜਿਨ੍ਹਾਂ ਨਾਲ ਭਾਵੇਂ ਅਸੀਂ ਹਰ ਰੋਜ਼ ਨਹੀਂ ਵਿਚਰਦੇ, ਪਰ ਫੇਰ ਵੀ ਸਾਡੇ ਦਿਲ ਦੇ ਕਿਸੇ ਕੋਨੇ 'ਚ ਉਨ੍ਹਾਂ ਲਈ ਇਕ ਖ਼ਾਸ ਥਾਂ ਹੁੰਦੀ ਹੈ। ਮੱਦਾ ਨਾ ਤਾਂ ਕੋਈ ਮਸ਼ਹੂਰ ਹਸਤੀ ਸੀ, ਨਾ ਹੀ ਅਮੀਰ ਜਾਂ ਸ਼ਾਹੂਕਾਰ ਸੀ ਤੇ ਨਾ ਹੀ ਜ਼ਿੰਦਗੀ 'ਚ ਕੋਈ ਵੱਖਰਾ ਮਾਰ੍ਹਕਾ ਮਾਰਿਆ ਸੀ, ਬੱਸ ਸਧਾਰਣ ਕਿਰਸਾਣ ਦੇ ਘਰ ਜਨਮ ਲੈ ਕੇ, ਜ਼ਿੰਦਗੀ ਨਾਲ ਦੋ ਚਾਰ ਹੁੰਦਿਆਂ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ। ਲੋਕਾਂ ਲਈ ਆਮ ਤੇ ਮੇਰੇ ਲਈ ਇਸ ਖ਼ਾਸ ਇਨਸਾਨ ਦੀ ਅਹਿਮੀਅਤ ਨੇ ਅੱਜ ਮੈਨੂੰ ਇਹ ਚਾਰ ਸ਼ਬਦ ਲਿਖਣ ਲਈ ਮਜਬੂਰ ਕਰ ਦਿੱਤਾ । 

ਉਸ ਦਾ ਪੱਕਾ ਨਾਂ ਜਗਰੂਪ ਸਿੰਘ ਸੀ।ਸਾਡੇ ਪਿੰਡ 'ਚ ਤਕਰੀਬਨ ਹਰ ਗੋਤ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਵਿਚੋਂ ਦੋ ਕੁ ਘਰ ਨੱਤਾਂ ਨਾਲ ਸੰਬੰਧਿਤ ਹਨ। ਉਹ ਗੁਰਦਿਆਲ ਸਿੰਘ ਨੱਤ ਦਾ ਸਭ ਤੋਂ ਛੋਟਾ ਮੁੰਡਾ ਸੀ। ਇਹ ਤਾਂ ਸ਼ਾਇਦ ਮੱਦੇ ਦੇ ਗੁਆਂਢੀਆਂ ਨੂੰ ਵੀ ਨਾ ਪਤਾ ਲੱਗੇ ਕਿ ਜਗਰੂਪ ਸਿੰਘ ਕੌਣ ਹੋਇਆ, ਕਿਉਂਕਿ ਸਾਰਾ ਪਿੰਡ ਉਸ ਨੂੰ ਨੱਤਾਂ ਦਾ ਮੱਦਾ ਕਰ ਕੇ ਹੀ ਜਾਣਦਾ ਸੀ। ਖੁੱਲ੍ਹੇ ਹੱਡ-ਪੈਰਾਂ ਦਾ ਹੋਣ ਕਾਰਨ ਸ਼ਾਇਦ ਉਸ ਨੂੰ ਬਚਪਨ 'ਚ ਮੱਦਾ ਮੱਦਾ ਕਹਿ ਕੇ ਚਿੜਾਉਂਦੇ ਹੁੰਦੇ ਸੀ, ਜੋ ਬਾਅਦ 'ਚ ਉਸ ਦੀ ਪਹਿਚਾਣ ਹੀ ਬਣ ਗਈ। ਜ਼ਿਹਨ 'ਚ ਮੱਦੇ ਨਾਲ਼ ਪੁਗਾਈ ਸਾਂਝ ਦੀਆਂ ਕੁਝ ਕੁ ਯਾਦਾਂ ਘੁੰਮ ਰਹੀਆਂ ਹਨ। ਅੱਜ ਮੱਦੇ ਦੇ ਤੁਰ ਜਾਣ ਕਰਕੇ ਭਰਿਆ ਦਿਲ ਹੌਲਾ ਕਰਨਾ ਚਾਹੁੰਦਾ ਹਾਂ ਪਰ ਸਮਝ ਨਹੀਂ ਲਗਦੀ, ਕੀਹਦੇ ਨਾਲ਼ ਕਰਾਂ। ਇਹੋ ਜਿਹੇ ਮੌਕੇ 'ਤੇ ਵਿਦੇਸ਼ ਵਿਓ ਵਰਗਾ ਲੱਗਦਾ ਹੈ। ਦਿਲ ਕਰਦੈ ਉੱਡ ਕੇ ਪਿੰਡ ਪਹੁੰਚ ਜਾਵਾਂ ਤੇ ਜਾ ਕੇ ਅੰਬੋਂ ਤੇ ਚਾਚੀ ਦੇ ਇਸ ਦੁੱਖ 'ਚ ਸ਼ਰੀਕ ਹੋਵਾਂ! 

ਮੇਰਾ ਪਿੰਡ ''ਦੇਸੂ ਮਾਲਕਾਨਾ'' ਹਰਿਆਣਾ-ਪੰਜਾਬ ਦੀ ਸਰਹੱਦ 'ਤੇ ਪੈਂਦਾ ਹੈ। ਪਿੰਡ ਦੀ ਕੋਈ ਇਤਿਹਾਸਿਕ ਪ੍ਰਾਪਤੀ ਤਾਂ ਨਹੀਂ ਹੈ ਪਰ ਜਦੋਂ ਦੀ ਭਾਖੜਾ ਨਹਿਰ ਨਿਕਲੀ ਹੈ, ਸਾਡੇ ਬਰਾਨੀ ਇਲਾਕੇ ਨੂੰ ਆਬਾਦ ਕਰ ਗਈ ਹੈ। ਪਿੰਡ ਦੇ ਚੜ੍ਹਦੇ ਵਾਲੇ ਪਾਸੇ ਨਹਿਰ ਦਾ ਹੈੱਡ ਹੈ, ਜਿੱਥੋਂ ਦੋ ਸੂਏ ਅਤੇ ਦੋ ਕੱਸੀਆਂ ਨਿਕਲਦੀਆਂ ਹਨ। ਭਾਖੜਾ ਦੇ ਨੀਲੇ ਪਾਣੀ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਇਹਨਾਂ ਸੂਇਆਂ ਤੇ ਕੱਸੀਆਂ 'ਚ ਚੁੱਭੀਆਂ ਮਾਰ ਸਾਡਾ ਬਚਪਨ ਬੀਤਿਆ। 

ਸੰਨ ੧੯੭੨ ਦੀ ਗੱਲ ਹੈ, ਜਦੋਂ ਮੈਨੂੰ ਮਹਿਜ਼ ਪੌਣੇ ਤਿੰਨ ਸਾਲ ਦੇ ਨੂੰ ਸਾਡੇ ਘਰ ਕੋਲ ਰਹਿੰਦੇ ਡਰਾਇੰਗ ਮਾਸਟਰ ਗੁਰਦਰਸ਼ਨ ਸਿੰਘ ਜੀ ਗੋਦੀ ਚੁੱਕ ਕੇ ਸਕੂਲ ਲੈ ਗਏ। ਅਗਾਂਹ ਹੈੱਡ ਮਾਸਟਰ ਸਾਹਿਬ ਨੇ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ, ਕਹਿੰਦੇ ਹਾਲੇ ਉਮਰ ਛੋਟੀ ਹੈ। ਚਲੋ ਜੀ, ਕਾਗ਼ਜ਼ਾਂ 'ਚ ਹੀ ਜਨਮ ਮਿਤੀ ਬਦਲਣੀ ਸੀ, ਸੋ ਬਦਲ ਦਿੱਤੀ। ਕੱਚੀ ਪਹਿਲੀ ਜਮਾਤ 'ਚ ਪਹਿਲਾ ਦਿਨ ਹੁਣ ਮੇਰੇ ਭਾਵੇਂ ਚੇਤੇ ਨਹੀਂ ਹੈ ਪਰ ਘਰ ਦੇ ਅਤੇ ਮਾਸਟਰ ਜੀ ਦੱਸਦੇ ਹਨ ਕਿ ਸਾਰੀ ਜਮਾਤ 'ਚ ਨੱਤਾਂ ਦਾ ਮੱਦਾ ਉਮਰ 'ਚ ਅਤੇ ਕੱਦ ਕਾਠ 'ਚ ਸਭ ਤੋਂ ਵੱਡਾ ਸੀ। ਮੱਦੇ ਕਾ ਘਰ ਸਾਡੇ ਘਰ ਦੇ ਨੇੜੇ ਸੀ। ਸਾਡਾ ਚਾਰ ਕੁ ਮਰਲੇ ਥਾਂ, ਜਿੱਥੇ ਅਸੀਂ ਛੱਟੀਆਂ ਦਾ ਛੌਰ ਲਾਉਂਦੇ ਹੁੰਦੇ ਸੀ ਜਾਂ ਰੂੜੀ ਸਿੱਟਦੇ ਹੁੰਦੇ ਸੀ। ਉਹ ਮੱਦੇ ਕੇ ਘਰ ਨਾਲ ਕੰਧ ਸਾਂਝਾ ਸੀ। ਬੱਸ ਇਸੇ ਕਾਰਨ ਮੇਰੀ ਉਂਗਲ ਮੱਦੇ ਦੇ ਹੱਥ ਫੜਾ ਦਿੱਤੀ ਗਈ ਤੇ ਉਹ ਜ਼ਿੰਮੇਵਾਰੀ ਨਾਲ ਮੈਨੂੰ ਸਕੂਲ ਲਿਆਉਣ ਲਿਜਾਣ ਲੱਗ ਪਿਆ ਸੀ। ਭਾਵੇਂ ਪਿੰਡ 'ਚ ਪੀੜ੍ਹੀਆਂ ਦੇ ਫ਼ਰਕ ਕਾਰਣ ਉਹ ਮੇਰਾ ਚਾਚਾ ਲਗਦਾ ਸੀ ਪਰ ਕੱਚੀ ਪਹਿਲੀ ਦੀ ਯਾਰੀ ਨੇ ਕਦੇ ਚਾਚਾ ਹੋਣ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ ਸੀ। ਹਰ ਰੋਜ਼ ਦਾ ਸਾਥ ਪੱਕੀ ਯਾਰੀ 'ਚ ਤਬਦੀਲ ਹੋ ਗਿਆ। 

ਜਿੰਨਾ ਕੁ ਮੈਨੂੰ ਹੁਣ ਯਾਦ ਹੈ, ਮੱਦੇ ਕੇ ਘਰ ਦੇ ਸਾਹਮਣੇ ਸਰਕਾਰੀ ਟੂਟੀ ਲੱਗੀ ਸੀ, ਜਿੱਥੋਂ ਸਾਰਾ ''ਵਿਹੜਾ'' ਪਾਣੀ ਭਰਦਾ ਹੁੰਦਾ ਸੀ। ਐਨ ਸਾਹਮਣੇ ਸਾਡਾ ਚੌਂਤਰਾ ਸੀ, ਜਿੱਥੇ ਬਹਿ ਕੇ ਸਾਡਾ ਵੱਡਾ ਬਾਬਾ ਪਰਤਾਪ ਸਿੰਘ ਆਪਣੀ ਲੰਬੜਦਾਰੀ ਚਲਾਉਂਦਾ ਹੁੰਦਾ ਸੀ। ਇਕ ਦਿਨ ਮੰਡੀ ਤੋਂ ਕੁਝ ਬਾਊ, ਬਾਬਾ ਜੀ ਕੋਲ ਆਏ ਤੇ ਕਹਿੰਦੇ ਕਿ ਅਸੀਂ ਕਾਲਾਂਵਾਲੀ 'ਚ ਅੰਗਰੇਜ਼ੀ ਸਕੂਲ ਖੋਲ੍ਹਿਐ, ਤੁਸੀਂ ਓਥੇ ਆਪਣੇ ਜੁਆਕ ਪੜ੍ਹਨੇ ਲਾ ਦਿਓ। ਤਿੰਨ ਜਮਾਤਾਂ ਪਿੰਡ ਦੇ ਸਕੂਲ 'ਚ ਕਰ ਕੇ ਮੈਂ ਮੰਡੀ ਕਾਲਾਂਵਾਲੀ ਪੜ੍ਹਨ ਲੱਗ ਪਿਆ ਪਰ ਮੱਦੇ ਨਾਲੋਂ ਸਾਂਝ ਹਾਲੇ ਟੁੱਟੀ ਨਹੀਂ ਸੀ। ਸਕੂਲ ਤੋਂ ਆਉਣ ਸਾਰ ਅਸੀਂ ਸੂਏ ਤੇ ਨਹਾਉਣ ਚਲੇ ਜਾਂਦੇ ਸਾਂ ਤੇ ਘਰ ਦਿਆਂ ਨੇ ਵੀ ਮੱਦੇ ਨਾਲ ਜਾਣ ਤੋਂ ਕਦੇ ਨਾ ਰੋਕਣਾ ਕਿਉਂਕਿ ਸਾਊ ਸੁਭਾਅ ਦਾ ਮੱਦਾ ਸ਼ੁਰੂ ਤੋਂ ਹੀ ਜ਼ਿੰਮੇਵਾਰ ਬੰਦਾ ਸੀ।

ਮੱਦੇ ਦੇ ਕੱਦ-ਕਾਠ ਦਾ ਲਾਹਾ ਅਸੀਂ ਸਾਰੇ ਹਾਣੀ ਅਕਸਰ ਹੀ ਲੈਂਦੇ ਸੀ। ਆਥਣ ਵੇਲੇ ਜਦੋਂ ਮਹਿਲਾਂ ਵਾਲਿਆਂ ਦੀ ਬੋਤੀ ਜਵਾਰ ਦਾ ਲੱਧਾ ਲੈ ਕੇ ਸਾਡੇ ਚੌਂਤਰੇ ਕੋਲ ਦੀ ਲੰਘਦੀ ਤਾਂ ਮੱਦਾ ਦਲਬੀਰ ਸਿਉਂ ਬਾਬੇ ਤੋਂ ਅੱਖ ਬਚਾ ਕੇ ਦੋ ਚਾਰ ਗੰਨੇ ਖਿੱਚ ਲੈਂਦਾ ਤੇ ਫੇਰ ਸਾਨੂੰ ਛਿੱਲਣ ਲੱਗਿਆਂ ਸਿਖਾਉਂਦਾ ਕਿ ਛਿਲਕਾ ਕਿਵੇਂ ਲੰਮਾ ਰੱਖਣੈ ? ਉਸ ਵਕਤ ਸਾਡੇ ਕੋਲ ਕਿਹੜਾ ਖੇਡਣ ਨੂੰ ਐਂਗਰੀ ਬਰਡ ਸੀ, ਅਸੀਂ ਤਾਂ ਉਸ ਛਿਲਕੇ ਦੀਆਂ ਚੀਜ਼ਾਂ ਬਣਾ ਬਣਾ ਕੇ ਹੀ ਖੇਡਣਾ ਹੁੰਦਾ ਸੀ। ਮੱਦਾ ਅਕਸਰ ਹੀ ਮੈਨੂੰ ਉਨ੍ਹਾਂ ਤੀਲ੍ਹਿਆਂ ਦਾ ਇਕ ਜਹਾਜ਼ ਬਣਾ ਕੇ ਦਿੰਦਾ ਹੁੰਦਾ ਸੀ। ਲੀਰਾਂ ਦੀ ਖੁੱਦੋ ਮੜ੍ਹਨ 'ਚ ਸੋਥੇ ਵਾਲੇ ਤਾਰੇ ਬਾਬੇ ਤੋਂ ਬਾਅਦ ਮੱਦਾ ਹੀ ਤਜ਼ਰਬੇਕਾਰ ਸੀ। ਬਾਬਾ ਤਾਂ ਕਦੇ ਕਦੇ ਸਾਨੂੰ ਲਲਕਰ ਦਿੰਦਾ ਪਰ ਮੱਦੇ ਤੋਂ ਜਦੋਂ ਜੀ ਕਰਦਾ, ਖੁੱਦੋ ਮੜ੍ਹਾ ਲੈਂਦੇ ਸੀ। ਮੱਦੇ ਦੀ ਮੜ੍ਹੀ ਖੁੱਦੋ ਏਨੀ ਕੁ ਕਰੜੀ ਹੁੰਦੀ ਸੀ ਕਿ ਅੱਜ ਵੀ ਮੇਰੀ ਸੇਲ੍ਹੀ ਦੇ ਉਤੇ ਇਕ ਨਿਸ਼ਾਨ ਹੈ, ਜੋ ਗੀਤੇ ਲੰਬੜਦਾਰ ਨਾਲ ਡੰਡਾ-ਡੁੱਕ ਖੇਡਦਿਆਂ ਪਿਆ ਸੀ।
  
ਵਕਤ ਬੀਤਦਾ ਗਿਆ, ਮੱਦਾ ਪੰਜ ਸੱਤ ਪੜ੍ਹ ਕੇ ਖੇਤੀ ਕਰਨ ਲੱਗ ਪਿਆ। ਅਸੀਂ ਪਿੰਡ ਵਾਲਾ ਘਰ ਵੇਚ ਕੇ ਮੰਡੀ ਜਾ ਘਰ ਪਾਇਆ। ਓਧਰ ਮੱਦੇ ਦਾ ਵਿਆਹ ਹੋ ਗਿਆ ਤੇ ਮੇਲ ਜੋਲ ਵੀ ਕਦੇ ਕਦਾਈਂ 'ਤੇ ਸੀਮਤ ਹੋ ਗਿਆ । ਕਦੇ ਕਦੇ ਲੋਕ ਲੱਜੋਂ ਮੱਦੇ ਨੂੰ ਚਾਚਾ ਕਹਿ ਦੇਣਾ ਪਰ ਮਗਰੋਂ ਦੋਹਾਂ ਨੇ ਹੱਸ ਪੈਣਾ। ਮੈਂ ਕਾਲਾਂਵਾਲੀ ਤੋਂ ਬਠਿੰਡੇ ਨੂੰ ਹੋ ਤੁਰਿਆ। ਮੱਦਾ ਕਬੀਲਦਾਰੀ 'ਚ ਉਲਝ ਗਿਆ ਤੇ ਰੱਬੀ ਸਬੱਬੀਂ ਹੀ ਮੇਲ ਹੋਣਾ। ਮੁੜ ਭਾਵੇਂ ਮੱਦੇ ਦੀ ਦਾੜ੍ਹੀ ਅੱਧੀ ਚਿੱਟੀ ਹੋ ਗਈ ਪਰ ਉਹ ਜੁੱਸੇ ਦਾ ਭਰਵਾਂ ਤੇ ਰੋਹਬਦਾਰ ਦਿੱਖ ਦਾ ਮਾਲਕ ਸੀ। ਅਸੀਂ ਜਦੋਂ ਵੀ ਕਦੇ ਮਿਲਣਾ ਤਾਂ ਮੈਂ ਕੋਲ ਖੜ੍ਹੇ ਲੋਕਾਂ ਨੂੰ ਇਕ ਗੱਲ ਕਹਿਣੀ ਕਿ ਤੁਸੀਂ ਮੰਨ ਸਕਦੇ ਹੋ ਕਿ ਅਸੀਂ ਦੋਨੋਂ ਜਮਾਤੀ ਹਾਂ। ਕਿਸੇ ਨੇ ਯਕੀਨ ਨਾ ਕਰਨਾ ਤੇ ਕਈਆਂ ਨੇ ਤਾਂ ਇਹ ਵੀ ਕਹਿ ਦੇਣਾ ਕਿ ਤੇਰਾ ਨਹੀਂ ਤੇਰੇ ਪਾਪਾ ਜੀ ਦਾ ਜਮਾਤੀ ਹੋਣਾ ਮੱਦਾ।

ਮੱਦੇ ਨਾਲ ਮੇਰੀਆਂ ਅਖੀਰ ਦੀਆਂ ਕੁਝ ਮੁਲਾਕਾਤਾਂ 'ਚ ਇਕ 2006 ਦੀ ਗੱਲ ਹੈ। ਜਦੋਂ ਮੈਂ ਬਠਿੰਡੇ ਆਈਲਟਸ ਦੀ ਤਿਆਰੀ ਕਰ ਰਿਹਾ ਸੀ ਤਾਂ ਇਕ ਦਿਨ ਮੈਨੂੰ ਹਨੂਮਾਨ ਚੌਂਕ ਕੋਲ ਇਕ ਹਸਪਤਾਲ ਮੂਹਰੇ ਬੈਠਾ ਮੱਦਾ ਦਿਸ ਪਿਆ। ਮੈਂ ਕਾਰ ਰੋਕ ਕੇ ਉਸ ਕੋਲ ਆਇਆ। ਉਹ ਵੀ ਹੁਣ ਮੈਨੂੰ ਮਿੰਟੂ ਜਾਂ ਲਾਡ 'ਚ ਮਿੰਕੂ ਕਹਿਣ ਦੀ ਥਾਂ ਲੰਬੜਦਾਰਾ ਕਹਿ ਕੇ ਹੀ ਬੁਲਾਉਂਦਾ ਸੀ। ਜਦੋਂ ਮੈਂ ਉਸ ਨੂੰ ਹਸਪਤਾਲ ਆਉਣ ਦਾ ਕਾਰਣ ਪੁੱਛਿਆ ਤਾਂ ਉਸ ਨੇ ਮੁੰਡਾ ਢਿੱਲਾ ਹੋਣ ਬਾਰੇ ਦੱਸਿਆ। ਮੈਂ ਕਾਰ ਇੱਕ ਪਾਸੇ ਲਾ ਕੇ ਉਸ ਨਾਲ ਦੁੱਖ ਸੁੱਖ ਕਰਨ ਲੱਗ ਪਿਆ। ਗੱਲਾਂ ਗੱਲਾਂ 'ਚ ਮੈਨੂੰ ਕਹਿੰਦਾ ਕਿਧਰੋਂ ਆ ਰਿਹਾ ਸੀ ਲੰਬੜਦਾਰਾ? ਮੈਂ ਕਿਹਾ ਕਿ ਕਲਾਸ ਲਾ ਕੇ ਆਇਆ ਹਾਂ। ਉਹ ਹੈਰਾਨ ਜਿਹਾ ਹੋ ਕੇ ਕਹਿੰਦਾ ''ਓਏ ਲੰਬੜਦਾਰਾ! ਹਾਲੇ ਵੀ ਪੜ੍ਹੀ ਜਾਨੈ''? ਜਦੋਂ ਨੂੰ ਮੈਂ ਕੋਈ ਜਵਾਬ ਦਿੰਦਾ, ਆਪ ਹੀ ਕਹਿੰਦਾ ''ਓਏ ਪਤੰਦਰਾ ! ਜੁਗੜੇ ਹੋ ਗਏ, ਹੁਣ ਤੱਕ ਤਾਂ ਤੂੰ ਸਾਰੀ ਪੜ੍ਹਾਈ ਮੁਕਾ ਦਿੱਤੀ ਹੋਣੀ ਆ''। ਉਸ ਦੀ ਭੋਲੀ ਜਿਹੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ। ਉਹ ਨਾਲ ਹੀ ਮੈਨੂੰ ਉਲਾਂਭਾ ਦੇ ਗਿਆ ਕਿ ਜੇ ਤੂੰ ਮੰਡੀ ਪੜ੍ਹਨ ਨਾ ਲਗਦਾ ਤਾਂ ਅੱਜ ਮੈਂ ਵੀ ਤੇਰੇ ਜਿੰਨਾ ਪੜ੍ਹ ਜਾਣਾ ਸੀ। 

ਦੂਜੀ ਵਾਰ 2010 'ਚ ਜਦੋਂ ਮੈਂ ਇੰਡੀਆ ਗਿਆ ਸਾਂ ਤਾਂ ਅਚਾਨਕ ਪਾਪਾ ਜੀ ਇੱਕ ਐਕਸੀਡੈਂਟ 'ਚ ਸਭ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਭੋਗ ਤੋਂ ਚਾਰ ਕੁ ਦਿਨਾਂ ਮਗਰੋਂ ਮੱਦਾ ਮੇਰੇ ਕੋਲ ਆਇਆ ਤੇ ਕਹਿੰਦਾ, ''ਲੰਬੜਦਾਰਾ! ਉਦੋਂ ਕੱਠ-ਬੱਠ 'ਚ ਤੈਨੂੰ ਕਹਿ ਨਹੀਂ ਹੋਇਆ, ਸੋ ਅੱਜ ਕਹਿਣ ਆਇਆ ਹਾਂ ਕਿ ਤੂੰ ਹੁਣ ਬਾਹਰਲੇ ਮੁਲਕ ਨਾ ਜਾਈਂ। ਤੈਨੂੰ ਵਫ਼ਾ ਨਹੀਂ ਕੀਤਾ ਯਾਰ। ਦੇਖ ਕਿੱਡੀ ਸੱਟ ਖਾਧੀ ਆ। ਘੋੜੇ ਵਰਗਾ ਪਿਆ ਸੀ ਸਾਡਾ ਬਾਈ, ਨਾਲੇ ਕੀ ਕਮੀ ਹੈ ਤੇਰੇ ਕੋਲ ਸੁੱਖ ਨਾਲ ਇੱਥੇ'' ? ਉਹ ਵਾਰ ਵਾਰ ਮੈਨੂੰ ਇਹੀ ਜਤਾ ਰਿਹਾ ਸੀ ਕਿ ਹੁਣ ਮੈਂ ਭਾਰਤ ਹੀ ਰਹਾਂ। ਮੈਂ ਗੱਲ ਬਦਲਣ ਲਈ ਉਸ ਨੂੰ ਕਿਹਾ, ''ਚਾਚਾ ਯਾਰ ਕੋਈ ਕੱਚੀ ਪਹਿਲੀ ਵਾਲੀ ਗੱਲ ਸੁਣਾ''

''ਲੈ ਸੁਣ ਲੈ ਫੇਰ! ਉਦੋਂ ਦੋ ਵਾਰੀ ਤਾਂ ਤੂੰ ਮੇਰੇ ਸਾਹਮਣੇ ਆਪਣੀ ਕੱਛ ਭਿਓਂ ਲਈ ਸੀ, ਹੁਣ ਭਾਵੇਂ ਬਣਿਆ ਫਿਰ ਨਾਢੂ ਖਾਨ!''

ਮੈਂ ਆਸਾ-ਪਾਸਾ ਜਿਹਾ ਤੱਕਿਆ ਤੇ ਕਿਹਾ, ''ਕਿਉਂ ਝੂਠ ਬੋਲੀ ਜਾਨੈਂ ਚਾਚਾ''?

''ਕੀਹਦੀ ਸੌਂਹ ਲੱਗੇ ? ਭਾਬੀ ਤੇਰੀਆਂ ਪੱਟੀਆਂ-ਪੁਟੀਆਂ ਪੋਚ ਕੇ, ਪੂਛਾਂ ਵਾਲਾ ਸੂਰਮਾ ਪਾ ਕੇ, ਮੇਰੀ ਗੋਦੀ ਚਾੜ੍ਹ ਦਿੰਦੀ ਸੀ। ਇਕ ਦਿਨ ਤੇਰੇ ਲਾਲ ਕੱਛ ਪਾਈ, ਪੂਰੀ ਬੈਲਟ-ਬੁਲਟ ਲੱਗੀ। ਮੈਨੂੰ ਖੋਲ੍ਹਣ ਦਾ ਹਿਸਾਬ ਜਾ ਨਹੀਂ ਆਇਆ। ਏਨੇ ਚਿਰ 'ਚ ਤੂੰ ਤਾਂ ਚਲਾ ਦਿੱਤਾ ਪਰਨਾਲਾ। ਮੈਨੂੰ ਪਤੈ ਕਿ ਮੈਂ ਇਕ ਹੱਥ 'ਚ  ਲਮਕਾ ਕੇ ਕਿਵੇਂ ਤੁਹਾਡੇ ਘਰੇ ਲਿਆ ਸੁੱਟਿਆ ਸੀ।
ਲੈ ਲਗਦੇ ਹੱਥ ਦੂਜੀ ਵੀ ਸੁਣ ਲੈ; ਇਕ ਵਾਰੀ ਪਿੜਾ 'ਚ ਦਾਵੀ-ਦੁਕੜੇ ਖੇਡ ਰਹੇ ਸੀ ਕਿ ਤੈਨੂੰ ਤੇਹ ਲੱਗ ਆਈ । ਮੈਂ ਕਣਕ ਦੇ ਬੋਹਲ ਕੋਲ ਪਏ ਤੌੜੇ 'ਚੋਂ ਪਾਣੀ ਦੀ ਬਾਟੀ ਭਰ ਕੇ ਦੇ ਦਿੱਤੀ, ਤੂੰ ਉੱਤੋਂ ਦੀ ਪੀਈ ਜਾਵੇਂ ਤੇ ਥਲੋਂ ਦੀ ਕੱਢੀ ਜਾਵੇ। ਮੈਨੂੰ ਤਾਂ ਉਦੋਂ ਪਤਾ ਲੱਗਿਆ, ਜਦੋਂ ਤਾਏ ਗੁਰਚਰਨ ਨੇ ਚਲਾਵੀਂ ਬਹੁਕਰ ਮਾਰੀ ਸਾਡੇ ਵੱਲ ਨੂੰ'' 

ਉਸ ਦੀਆਂ ਗੱਲਾਂ ਨੇ ਮੇਰੇ ਉੱਤੇ ਟੁੱਟੇ ਪਹਾੜ ਨੂੰ ਥੋੜ੍ਹਾ ਹੌਲਾ ਕਰ ਦਿੱਤਾ ਸੀ । ਜਾਂਦਾ-ਜਾਂਦਾ ਵੀ ਕਹਿੰਦਾ ਜਾਏ, ''ਜੇ ਆਪਣਾ ਆੜੀ ਮੰਨਦੈਂ ਤਾਂ ਹੁਣ ਨਾ ਜਾਈਂ ਬਾਹਰ, ਤੈਨੂੰ ਉਸ ਮੁਲਕ ਨੇ ਵਫ਼ਾ ਨਹੀਂ ਕੀਤੀ''। ਮੈਂ ਬਹਾਨੇ ਜਿਹੇ ਬਣਾਉਣ ਲੱਗਿਆ ਤਾਂ ਕਹਿੰਦਾ, ''ਤੇਰੇ ਤੋਂ ਗੱਲਾਂ 'ਚ ਕਿਹੜਾ ਜਿੱਤੇ ? ਜਦੋਂ ਪਾਈਆ ਕੁ ਦਾ ਸੀ, ਉਦੋਂ ਨਹੀਂ ਸੀ ਮੰਨਦਾ, ਹੁਣ ਤਾਂ ਸੁੱਖ ਨਾਲ ਡੂਢ ਮਣ ਪੱਕੇ ਦਾ ਹੈਂ'' 

ਮੱਦੇ ਨਾਲ ਮੇਰੀ ਆਖ਼ਰੀ ਮੁਲਾਕਾਤ 2011 'ਚ ਹੋਈ, ਜਦੋਂ ਮੈਂ ਪਾਪਾ ਜੀ ਦੀ ਬਰਸੀ ਲਈ ਇੰਡੀਆ ਗਿਆ। ਉਹ ਬੋਹੜਾਂ ਹੇਠ ਪੰਜ-ਸੱਤ ਬੰਦਿਆਂ ਨਾਲ਼ ਬੈਂਚ 'ਤੇ ਬੈਠਾ ਸੀ। ਮੈਂ ਸਾਰੀ ਪੰਚਾਇਤ ਨੂੰ ਹੱਥ ਚੱਕ ਕੇ ਜੀਪ ਆਪਣੇ ਪੁਰਾਣੇ ਘਰ ਵੱਲ ਮੋੜ ਦਿੱਤੀ। ਪਰ ਜੀਪ ਤਾਏ ਜਗਰਾਜ ਸਿਉਂ ਕੇ ਨੌਹਰੇ 'ਚ ਠੱਲ੍ਹਣ ਤੋਂ ਬਾਅਦ ਪੈਰ ਮੱਲੋ-ਮੱਲੀ ਬੋਹੜਾਂ ਵੱਲ ਮੁੜ ਪਏ। ਉਥੇ ਜਾ ਕੇ ਸਾਰਿਆਂ ਨਾਲ ਦੁੱਖ-ਸੁੱਖ ਸਾਂਝਾ ਕੀਤਾ। ਤਾਇਆ ਬਲਦੇਵ ਸਿੰਘ ਬਾੜੀ ਵਾਲਾ ਮੈਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਪੈ ਰਹੀ ਇਮਾਰਤ ਦਿਖਾਉਣ ਲੈ ਗਏ। ਜਦੋਂ ਮੈਂ ਉੱਥੋਂ ਵਾਪਸ ਬੋਹੜ ਹੇਠ ਆਇਆ ਤਾਂ ਇਕ ਦੋ ਛੋਟੇ ਛੋਟੇ ਜੁਆਕ ਸਾਈਕਲ 'ਤੇ ਝੂਟੇ ਲੈ ਰਹੇ ਸੀ। ਮੈਨੂੰ ਮੱਦਾ ਕਹਿੰਦਾ ਕਿ ਇਹਨਾਂ ਦੀ ਫ਼ੋਟੋ ਖਿੱਚ ਦੇ। ਜਦੋਂ ਮੈਂ ਉਨ੍ਹਾਂ ਦੀ ਫ਼ੋਟੋ ਖਿੱਚ ਰਿਹਾ ਸੀ ਤਾਂ ਇਕ ਜੁਆਕ ਮੇਰਾ ਹੁਲੀਆ ਜੇਹਾ ਦੇਖ ਕੇ ਮੈਨੂੰ ਹਿੰਦੀ 'ਚ ਪੁੱਛਣ ਲੱਗਿਆ ਕਿ "ਤੁਮ ਕਹਾਂ ਕੇ ਰਹਿਣੇ ਵਾਲੇ ਹੋ"? ਸਾਰੇ ਹੱਸਣ ਲਗ ਗਏ ਪਰ ਮੇਰੀ ਬੋਲਤੀ ਬੰਦ ਹੋ ਗਈ। ਮੱਦੇ ਨੇ ਮੇਰੀ ਚੁੱਪ ਤੋੜੀ ਤੇ ਕਹਿੰਦਾ, ''ਨਾ ਲੰਬੜਦਾਰਾ ! ਤੈਨੂੰ ਕਿਹਾ ਸੀ ਕਿ ਨਾ ਜਾ ਬਾਹਰਲੇ ਮੁਲਕ। ਹੁਣ ਦੇਖ ਲਾ ਤੇਰੇ ਪਿੰਡ ਦੇ ਜੁਆਕ ਹੀ ਨਹੀਂ ਪਛਾਣਦੇ ਤੈਨੂੰ, ਐਵੇਂ ਹਵਾ ਕਰੀ ਜਾਨੈਂ ਸਾਡੇ ਤੇ''। ਮੱਦੇ ਦੀ ਗੱਲ ਮੇਰੇ ਧੁਰ ਅੰਦਰ ਤੱਕ ਲਹਿ ਗਈ । ਮੈਂ ਚੁੱਪ ਕਰ ਕੇ ਜੀਪ ਚੁੱਕੀ ਤੇ ਵਾਪਸ ਮੰਡੀ ਆ ਗਿਆ। ਘਰ ਦੇ ਪੁੱਛਣ ਕਿ ਕੀਹਦੇ ਕੀਹਦੇ ਘਰ ਜਾ ਆਇਐਂ? ਮੈਂ ਕਿਹਾ ਇਕੱਲੇ ਗੁਰੂ ਦੇ ਘਰ ਹੀ ਗਿਆ ਸੀ, ਬੱਸ ਉੱਥੋਂ ਹੀ ਵਾਪਸ ਆ ਗਿਆ'' 

ਅੱਜ ਵੀ ਮੇਰੇ ਜ਼ਿਹਨ 'ਚ ਮੱਦੇ ਨਾਲ਼ ਸਾਂਝੇ ਹੋਏ ਆਖ਼ਰੀ ਬੋਲ ਗੂੰਜ ਰਹੇ ਹਨ, ਤੇ ਸੋਚਦਾ ਹਾਂ ਕਿ ਆਪਣੀ ਅਸਲੀ ਹੋਂਦ ਗੁਆ ਕੇ ਕਿਹੜੀ ਝੂਠੀ ਹੋਂਦ ਦੇ ਚੱਕਰਾਂ 'ਚ ਪਿਆ ਫਿਰਦਾ ਹਾਂ? ਉਥੇ ਆਪਣੇ ਸਨ, ਜੇ ਵੱਢਦੇ ਵੀ ਸੀ ਤਾਂ ਛਾਵੇਂ ਤਾਂ ਸੁੱਟਦੇ ਸਨ..........!!!

Thursday, April 18, 2013

ਕੁਝ ਪੱਖੋਂ ਅਣਗੌਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ

ਮਨਜੀਤ ਸਿੰਘ ਸਿੱਧੂ ਬੈਸਟ ਸਟੋਪਰ ਮੀਕ ਅਤੇ ਕੁਲਦੀਪ ਸਿੰਘ ਬਾਸੀ

ਜਦੋਂ ਕਦੇ ਦੁਨੀਆਂ 'ਚ ਪੰਜਾਬੀ ਖੇਡਾਂ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਬਣਦਾ ਮਾਣ ਜ਼ਰੂਰ ਮਿਲੇਗਾ। ਪਰ ਇਕ ਇਨਸਾਨੀ ਫ਼ਿਤਰਤ ਹੈ ਕਿ ਜੋ ਅਕਸਰ ਹੀ ਸਹੇ ਨੂੰ ਨਹੀਂ ਪਹੇ ਨੂੰ ਰੋਂਦੀ ਹੈ। ਇਤਿਹਾਸ 'ਚ ਜ਼ਿਕਰ ਹੋਣਾ ਵੀ ਇਕ ਮਾਣ ਵਾਲੀ ਗੱਲ ਹੈ ਪਰ ਵਰਤਮਾਨ 'ਚ ਅਣਗੌਲਿਆ ਕਰਨਾ ਵੀ ਕਿਥੋਂ ਦਾ ਇਨਸਾਫ਼ ਹੈ ? ਸਵਾਲ ਇਹ ਵੀ ਪੈਦਾ ਹੋ ਸਕਦਾ ਹੈ ਕਿ ਪਿਛਲੇ 26 ਵਰ੍ਹਿਆਂ ਤੋਂ ਐਨੀਆਂ ਵਧੀਆ ਸਿੱਖ ਖੇਡਾਂ ਹੋ ਰਹੀਆਂ ਹਨ, ਫੇਰ ਅਣਗੌਲੀਆਂ ਕਿਹੜੇ ਪਾਸੇ ਤੋਂ ਹਨ?

26 ਵਰ੍ਹੇ ਕੋਈ ਥੋੜਾ ਵਕਤ ਨਹੀਂ ਹੁੰਦਾ। ਜਦੋਂ ਅੱਜ ਕੱਲ੍ਹ ਤਾਂ ਕੋਈ ਸਾਂਝਾ ਕੰਮ ਦੋ ਵਰ੍ਹੇ ਨੇਪਰੇ ਚਾੜ੍ਹਨਾ ਸੁਖਾਲਾ ਨਹੀਂ ਹੈ ਤਾਂ ਸਿਲਵਰ ਜੁਬਲੀ ਮਨਾ ਚੁੱਕੀਆਂ ਇਹ ਖੇਡਾਂ ਆਪਣੇ ਆਪ 'ਚ ਇਕ ਮਿਸਾਲ ਹਨ। ਹੁਣੇ-ਹੁਣੇ ਕਾਮਯਾਬੀ ਨਾਲ ਨੇਪਰੇ ਚੜ੍ਹੀਆਂ 26ਵੀਆਂ ਸਿੱਖ ਖੇਡਾਂ ਦਾ ਵਿਸਤਾਰ ਮੇਰੇ ਬਹੁਤ ਸਾਰੇ ਕਲਮੀ ਭਰਾਵਾਂ ਨੇ ਆਪੋ ਆਪਣੇ ਨਜ਼ਰੀਏ ਨਾਲ ਕੀਤਾ ਹੈ, ਸੋ ਉਨ੍ਹਾਂ ਗਲਾਂ ਨੂੰ ਦੁਬਾਰਾ ਦੁਹਰਾਉਣਾ ਨਾਲੋਂ ਬਿਹਤਰ ਹੈ, ਇਨ੍ਹਾਂ ਦਾ ਅਣਛੋਹਿਆਂ ਪਹਿਲੂ ਛੋਹਿਆ ਜਾਵੇ। ਗੱਲ ਅੱਗੇ ਤੋਰਨ ਤੋਂ ਪਹਿਲਾਂ ਸਿੱਖ ਖੇਡਾਂ ਦੇ ਪਿਛੋਕੜ ਤੇ ਝਾਤ ਮਾਰ ਲਈ ਜਾਵੇ ਤਾਂ ਠੀਕ ਹੋਵੇਗਾ।

ਅੱਸੀ ਦੇ ਦਹਾਕੇ ਦੀ ਗੱਲ ਹੈ ਜਦੋਂ ਹਾਲੇ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਗਿਣਤੀ ਨਾ-ਮਾਤਰ ਸੀ। ਉਸ ਵਕਤ ਮਲੇਸ਼ੀਆ ਤੋਂ ਉੱਠ ਕੇ ਬਹੁਤ ਸਾਰੇ ਪਰਵਾਰ ਸਾਊਥ ਆਸਟ੍ਰੇਲੀਆ ਦੀ ਧਰਤੀ ਉਤੇ ਆਪਣੇ ਪੈਰ ਜਮਾਉਣ ਲੱਗੇ। ਹੌਲੀ ਹੌਲੀ ਜਦੋਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਤਾਂ ਆਪਣਾ ਪਹਿਲਾ ਫ਼ਰਜ਼ ਐਡੀਲੇਡ ਵਿਖੇ "ਗੁਰੂ ਦਾ ਘਰ" ਯਾਨੀ ਗੁਰਦੁਆਰਾ ਸਾਹਿਬ ਬਣਾਉਣ ਬਾਰੇ ਸੋਚਿਆ ਗਿਆ। ਭਾਵੇਂ ਵੱਖਰੇ ਵੱਖਰੇ ਥਾਵਾਂ ਤੇ ਕੀਰਤਨ ਦਰਬਾਰ ਦਾ ਸਿਲਸਿਲਾ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਗਿਆ ਸੀ। ਪਰ ਸੰਗਤਾਂ ਦੀ ਆਮਦ ਤੇ ਉਤਸ਼ਾਹ ਨੇ ਗੁਰੂ ਘਰ ਦੀ ਪੱਕੀ ਇਮਾਰਤ ਬਣਾਉਣ ਵੱਲ ਨੂੰ ਹੁੰਗਾਰਾ ਭਰਿਆ। 1988 'ਚ ਗੁਰੂ ਘਰ ਦੀ ਸ਼ੁਰੂਆਤ ਮੌਕੇ 'ਤੇ ਖੇਡਾਂ ਕਰਵਾਉਣ ਦੀ ਗੱਲ ਹੋਈ ਤਾਂ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਨੂੰ ਚੁਣਿਆ ਗਿਆ। ਜਿਸ ਦਾ ਇਕ ਵੱਡਾ ਕਾਰਨ ਮਲੇਸ਼ੀਆ ਦੇ ਪੰਜਾਬੀਆਂ ਵਿਚ ਵੀ ਹਾਕੀ ਕਾਫ਼ੀ ਪ੍ਰਚਲਿੱਤ ਹੋਣਾ ਵੀ ਸੀ। ਇਹਨਾਂ ਖੇਡਾਂ ਨਾਲ ਪਹਿਲੇ ਦਿਨ ਤੋਂ ਜੁੜੇ ਮਹਾਂਬੀਰ ਸਿੰਘ ਗਰੇਵਾਲ ਦੇ ਦੱਸਣ ਮੁਤਾਬਿਕ ਜਦੋਂ ਉਹ ਮਲੇਸ਼ੀਆ ਤੋਂ ਆਸਟ੍ਰੇਲੀਆ ਆਏ ਤਾਂ ਉਸ ਵਕਤ ਮਲੇਸ਼ੀਆ ਵਿਚ ਪੰਜਾਬੀ ਭਾਈਚਾਰੇ ਦੀਆਂ ਖੇਡਾਂ ਤਕਰੀਬਨ 36 ਸਾਲ ਤੋਂ ਲਗਾਤਾਰ ਹੋ ਰਹੀਆਂ ਸਨ, ਜੋ ਕਿ ਹੁਣ 62 ਸਾਲ ਦਾ ਆਪਣਾ ਸਫ਼ਰ ਤਹਿ ਕਰ ਚੁੱਕੀਆਂ ਹਨ। ਸੋ, ਉਹੀ ਪਿਰਤ ਆਸਟ੍ਰੇਲੀਆ 'ਚ ਸ਼ੁਰੂ ਕਰਨ ਬਾਰੇ ਸੋਚਿਆ ਗਿਆ। ਇਹਨਾਂ ਖੇਡਾਂ ਦਾ ਨਾਂ 'ਸਿੱਖ ਖੇਡਾਂ' ਰੱਖਣ ਬਾਰੇ ਉਨ੍ਹਾਂ ਦੱਸਿਆ ਕਿ ਗੁਰੂ ਘਰ ਦੀ ਸੰਗਤ ਵੱਲੋਂ ਕੀਤੇ ਇਸ ਉਪਰਾਲੇ ਕਰ ਕੇ ਇਹਨਾਂ ਦਾ ਨਾਂ ਸਿੱਖ ਖੇਡਾਂ ਰੱਖਿਆ ਗਿਆ ਤੇ ਇਸ ਪਿੱਛੇ ਦੀ ਸੋਚ ਵਿਦੇਸ਼ 'ਚ ਸਿੱਖੀ ਨੂੰ ਪ੍ਰਫੁੱਲਿਤ ਕਰਨਾ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਜਰੀਏ ਧਰਮ ਤੇ ਇਕ ਦੂਜੇ ਨਾਲ ਜੋੜਨਾ ਸੀ।

ਪਹਿਲੀਆਂ ਸਿੱਖ ਖੇਡਾਂ 'ਚ ਸਾਊਥ ਆਸਟ੍ਰੇਲੀਆ ਤੋਂ ਇਲਾਵਾ ਮੈਲਬਾਰਨ ਤੋਂ ਵੀ ਕੁਝ ਟੀਮਾਂ ਨੇ ਹਿੱਸਾ ਲਿਆ। ਇਥੇ ਜ਼ਿਕਰਯੋਗ ਹੈ ਕਿ ਉਸ ਵਕਤ ਕੁਝ ਇਕ ਗੋਰਿਆਂ ਦੀਆਂ ਟੀਮਾਂ ਨੇ ਵੀ ਇਹਨਾਂ ਪਹਿਲੀਆਂ ਸਿੱਖ ਖੇਡਾਂ 'ਚ ਆਪਣੇ ਜੌਹਰ ਦਿਖਾਏ। ਗਰੇਵਾਲ ਹੋਰਾਂ ਦੇ ਦੱਸਣ ਮੁਤਾਬਿਕ ਐਡੀਲੇਡ ਦੀਆਂ ਸੰਗਤਾਂ ਨੇ ਮੈਲਬਾਰਨ ਤੋਂ ਆਈਆਂ ਟੀਮਾਂ ਨੂੰ ਅਗਲੇ ਸਾਲ ਇਹ ਖੇਡਾਂ ਕਰਵਾਉਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਪ੍ਰਵਾਨ ਕਰ ਲਈ। ਮੈਲਬਾਰਨ 'ਚ ਹੋਈਆਂ ਸਿੱਖ ਖੇਡਾਂ 'ਚ ਸਾਊਥ ਆਸਟ੍ਰੇਲੀਆ ਤੋਂ ਇਲਾਵਾ ਸਿਡਨੀ ਤੋਂ ਵੀ ਖਿਡਾਰੀਆਂ ਨੇ ਹਿੱਸਾ ਲਿਆ ਤੇ ਇੰਝ ਹੌਲੀ ਹੌਲੀ ਇਹ ਖੇਡਾਂ ਇਕ ਤੋਂ ਦੂਜੇ ਥਾਂ ਹੁੰਦੀਆਂ ਆਪਣੇ 26ਵੇਂ ਸਾਲ 'ਚ ਪਹੁੰਚ ਗਈਆਂ। ਹਰ ਸਾਲ ਇਹਨਾਂ ਦਾ ਵਿਸਤਾਰ ਹੁੰਦਾ ਗਿਆ ਤੇ ਹੌਲੀ ਹੌਲੀ ਫੁੱਟਬਾਲ, ਕਬੱਡੀ, ਨੈੱਟਬਾਲ ਅਤੇ ਅਥਲੈਟਿਕਸ ਆਦਿ ਇਹਨਾਂ ਖੇਡਾਂ ਦਾ ਇਕ ਅਹਿਮ ਹਿੱਸਾ ਬਣ ਗਈਆਂ।    

ਹੁਣ ਗੱਲ ਕਰਦੇ ਹਾਂ ਇਹਨਾਂ ਖੇਡਾਂ ਦੇ ਅਣਗੌਲੇ ਪੱਖ 'ਤੇ ;
ਸਭ ਤੋਂ ਵੱਧ ਅਣਗੌਲੇ ਪੱਖ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਹੈ ਭਾਰਤੀ ਅਤੇ ਵਿਦੇਸ਼ੀ ਮੀਡੀਆ ਵੱਲੋਂ ਦੁਨੀਆਂ ਦੇ ਦੱਖਣੀ ਗੋਲੇ 'ਤੇ ਹੁੰਦੇ ਇਸ ਮਹਾਨ ਕੁੰਭ ਨੂੰ ਅਹਿਮੀਅਤ ਨਾ ਦੇਣਾ। ਇਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਆਸਟ੍ਰੇਲੀਆ 'ਚ ਛਪਦੇ ਸਾਰੇ ਪੰਜਾਬੀ ਅਖ਼ਬਾਰ ਇਸ ਗੱਲੋਂ ਵਧਾਈ ਦੇ ਪਾਤਰ ਹਨ, ਜੋ ਇਹਨਾਂ ਖੇਡਾਂ ਲਈ ਮੁਫ਼ਤ ਇਸ਼ਤਿਹਾਰ ਛਾਪਣ ਤੋਂ ਇਲਾਵਾ ਇਹਨਾਂ ਦੀ ਪੂਰੀ ਕਵਰੇਜ਼ ਵੀ ਦਿਲ ਖੋਲ੍ਹ ਕੇ ਕਰਦੇ ਹਨ। 2006 'ਚ ਹਰਮਨ ਰੇਡੀਓ ਨੇ ਪਹਿਲੀ ਵਾਰ ਸਿੱਖ ਖੇਡਾਂ ਦਾ ਲਾਈਵ ਪ੍ਰਸਾਰਨ ਕਰ ਕੇ ਇਕ ਨਵਾਂ ਅਧਿਆਇ ਜੋੜਿਆ ਸੀ। ਆਸਟ੍ਰੇਲੀਅਨ ਪੰਜਾਬੀ ਮੀਡੀਆ ਦੀ ਇਕ ਵੱਡੀ ਮਜਬੂਰੀ ਇਹ ਹੈ ਕਿ ਇਹ ਘਰ ਫ਼ੂਕ ਤਮਾਸ਼ਾ ਦੇਖਣ ਵਾਲਾ ਧੰਦਾ ਹੋਣ ਕਾਰਣ ਇਹਨਾਂ ਦਾ ਦਾਇਰਾ ਬਹੁਤ ਸੀਮਤ ਹੈ।

ਜੇਕਰ ਭਾਰਤੀ ਜਾਂ ਕਹਿ ਲਓ ਪੰਜਾਬ ਦੇ ਮੀਡੀਆ ਦੀ ਗੱਲ ਕੀਤੀ ਜਾਏ ਤਾਂ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਖ਼ਬਰਾਂ 'ਚ ਰਹਿਣਾ ਕਿੰਨਾ ਕੁ ਔਖਾ ਹੈ ? ਕਿਤੇ ਵੀ ਇਕ ਬਿਆਨ ਦਿਓ, ਪੱਤਰਕਾਰ ਮਿੱਤਰ ਨੂੰ ਭੇਜ ਦਿਓ ਤੇ ਦਿਨ ਚੜ੍ਹਦੇ ਸਾਰ ਪਾ ਦਿਓ ਫੇਸ ਬੁੱਕ ਤੇ ਗਾਹ। ਵੀਹ-ਪੰਜਾਹ ਲਾਇਕ ਤੇ ਤੀਹ ਚਾਲੀ ਕਮੈਂਟ ਤਾਂ ਆ ਹੀ ਜਾਣੇ ਹੁੰਦੇ ਹਨ। ਬੱਸ ਏਨੀ ਕੁ ਸਾਡੀ ਮਾਰ ਹੁੰਦੀ ਹੈ ਆਪਣਾ ਆਪ ਚਿੱਤ ਪ੍ਰਚਾਉਣ ਦੀ। ਜ਼ਿੰਮੇਵਾਰੀਆਂ, ਫ਼ਰਜ਼ ਅਤੇ ਸੱਚਮੁੱਚ ਹੀ ਕੋਈ ਇਹੋ ਜਿਹਾ ਕੰਮ ਜੋ ਖ਼ੁਦ ਹੀ ਖ਼ਬਰ ਬਣੇ, ਉਸ ਵੱਲ ਸਾਡਾ ਧਿਆਨ ਘੱਟ ਹੀ ਜਾਂਦਾ ਹੈ। ਸਾਡੀ ਪੱਤਰਕਾਰੀ ਬੱਸ ਇਹਨਾਂ ਦਾਇਰਿਆਂ 'ਚ ਹੀ ਸਿਮਟੀ ਹੋਈ ਹੈ, ਜਿਸ ਦਾ ਨਤੀਜਾ ਇੱਕਾ ਦੁੱਕਾ ਪੱਤਰਕਾਰਾਂ ਨੂੰ ਛੱਡ ਕਿਸੇ ਨੂੰ ਬੇਗਾਨੀ ਧਰਤੀ 'ਤੇ 26 ਸਾਲ, ਪੰਦਰਾਂ-ਵੀਹ ਹਜ਼ਾਰ ਦਾ ਇਕੱਠ, ਦੋ ਹਜ਼ਾਰ ਦੇ ਕਰੀਬ ਖਿਡਾਰੀਆਂ 'ਚ ਕੋਈ ਖ਼ਬਰ ਦਿਖਾਈ ਨਹੀਂ ਦਿਤੀ। ਇੱਕਾ ਦੁੱਕਾ ਜੋ ਖ਼ਬਰਾਂ ਭਾਰਤੀ ਮੀਡੀਆ 'ਚ ਗਈਆਂ ਵੀ ਉਨ੍ਹਾਂ 'ਚ ਵੀ ਦੋ ਚਾਰ ਬੰਦਿਆਂ ਨੂੰ ਖ਼ੁਸ਼ ਕਰਨ ਨੂੰ ਛੱਡ ਹੋਰ ਕੁਝ ਨਹੀਂ ਦਿਸਿਆ। ਜਿਨ੍ਹਾਂ ਕੁ ਥਾਂ ਭਾਰਤੀ ਮੀਡੀਆ ਨੇ ਇਹਨਾਂ ਖੇਡਾਂ ਨੂੰ ਦਿੱਤਾ ਉਨੀ ਖ਼ਬਰ ਤਾਂ ਕਿਸੇ ਦੀ ਬੱਕਰੀ ਗੁਆਚਣ ਤੇ ਛਾਪ ਦਿੱਤੀ ਜਾਂਦੀ ਹੈ।

ਇਥੇ ਕਸੂਰ ਇਕੱਲਾ ਪੱਤਰਕਾਰਾਂ ਦਾ ਹੀ ਨਹੀਂ, ਮੂਹਰਲਿਆਂ ਨੂੰ ਕਿਸੇ ਇਤਿਹਾਸ ਤਕ ਕੋਈ ਲੈਣਾ ਦੇਣਾ ਨਹੀਂ, ਉਨ੍ਹਾਂ ਨੂੰ ਤਾਂ ਕੋਈ ਚਟਪਟੀ ਖ਼ਬਰ ਭੇਜੋ, ਫੇਰ ਦੇਖੋ ਕਿਵੇਂ ਮੂਹਰਲੇ ਪੰਨੇ ਤੇ ਲਗਦੀ ਹੈ। ਇਥੇ ਮੈਨੂੰ ਮੇਰੇ ਮਿੱਤਰ ਸੁਖਨੈਬ ਸਿੱਧੂ ਦੀ ਗੱਲ ਚੇਤੇ ਆ ਰਹੀ ਹੈ। ਉਂਝ ਤਾਂ ਉਹ ਮੇਰੇ ਦੁੱਖ ਸੁੱਖ ਦਾ ਸਾਥੀ ਹੈ, ਅੱਧੀ ਆਵਾਜ਼ ਮਾਰੇ ਤੋਂ ਹਾਜ਼ਰ ਹੋ ਜਾਂਦਾ ਹੈ, ਪਰ ਆਹ ਪਾਣੀ ਮਾਰਨ ਵਾਲੀਆਂ ਖ਼ਬਰਾਂ ਪਿੱਛੇ ਉਹ ਕਈ ਬਾਰ ਮੇਰੀ ਲਾਹ-ਪਾਹ ਕਰ ਚੁੱਕਿਆ ਹੈ। ਪਹਿਲਾਂ ਤਾਂ ਇਕ ਦੋ ਵਾਰ ਮੈਨੂੰ ਵੀ ਬੁਰਾ ਲੱਗਿਆ ਤੇ ਉਸ 'ਤੇ ਗ਼ੁੱਸਾ ਵੀ ਆਇਆ । ਜਦੋਂ ਮੈਂ ਕੋਈ ਖ਼ਬਰ ਉਨ੍ਹਾਂ ਦੇ ਆਨਲਾਈਨ ਅਖ਼ਬਾਰ 'ਪੰਜਾਬੀ ਨਿਊਜ਼ ਆਨਲਾਈਨ' ਲਈ ਭੇਜਣੀ ਤਾਂ ਉਸ ਨੇ ਬੜੀ ਬੇਰੁਖ਼ੀ ਜਹੀ ਨਾਲ ਛਾਪਣ ਤੋਂ ਨਾਂਹ ਕਰ ਦੇਣੀ ਤੇ ਕਹਿਣਾ ਯਾਰ ਕੋਈ ਖ਼ਬਰ ਹੋਵੇ ਤਾਂ ਭੇਜਿਆ ਕਰੋ। ਉਹੀ ਪੰਜ ਸੱਤ ਬੰਦਿਆਂ ਦੇ ਨਾਂ ਅੱਗੇ ਪਿੱਛੇ ਕਰ ਕੇ ਭੇਜੀ ਖ਼ਬਰ ਮੈਂ ਨਹੀਂ ਛਾਪਣੀ, ਕੱਲ੍ਹ ਨੂੰ ਨਾਰਾਜ਼ ਹੁੰਦਾ ਭਾਵੇਂ ਅੱਜ ਹੋ ਜਾ। ਪਰ ਹੁਣ ਉਸ ਤੇ ਗ਼ੁੱਸਾ ਆਉਣੋਂ ਹਟ ਗਿਆ।

ਚਲੋ ਮੁੱਦੇ 'ਤੇ ਆਉਂਦੇ ਹਾਂ। ਹੁਣ ਆਸਟ੍ਰੇਲੀਆ ਦੇ ਮੀਡੀਆ ਤੇ ਨਜ਼ਰਸਾਨੀ ਕਰਦੇ ਹਾਂ। ਮੈਂ ਬਹੁਤ ਲੱਭਿਆ ਪਰ ਮੈਨੂੰ ਕੋਈ ਇਹੋ ਜਿਹੀ ਖ਼ਬਰ ਜਾਂ ਰਿਪੋਰਟ ਦੇਖਣ ਨੂੰ ਨਹੀਂ ਮਿਲੀ, ਜਿਸ ਵਿਚ ਇਹਨਾਂ ਸਿੱਖ ਖੇਡਾਂ ਦਾ ਕਿਤੇ ਜ਼ਿਕਰ ਕੀਤਾ ਹੋਵੇ। ਭਾਵੇਂ ਹਰ ਵਾਰ ਉਦਘਾਟਨ ਮੌਕੇ ਕੋਈ ਨਾ ਕੋਈ ਮੰਤਰੀ ਜਾਂ ਐਮ. ਪੀ. ਇਹਨਾਂ ਖੇਡਾਂ 'ਚ ਸ਼ਿਰਕਤ ਕਰਨ ਵੀ ਆਉਂਦਾ ਹੈ ਤੇ ਕਈ ਵਾਰ ਸਰਕਾਰੀ ਮੱਦਦ ਵੀ ਉਹ ਦੇ ਚੁੱਕੇ ਹਨ। ਪਰ ਫੇਰ ਵੀ ਆਸਟ੍ਰੇਲੀਆ ਦੇ ਮੀਡੀਆ ਨੂੰ ਇਹਨਾਂ ਖੇਡਾਂ 'ਚ ਕੋਈ ਦਿਲਚਸਪੀ ਨਹੀਂ।ਜਦੋਂ ਇਸ ਦੇ ਕਾਰਣ ਪੜਚੋਲਣ ਦੀ ਕੋਸ਼ਿਸ਼ ਕੀਤੀ ਤਾਂ ਇਕ ਗੱਲ ਤਾਂ ਇਹ ਸਾਹਮਣੇ ਆਈ ਕਿ ਇਹਨਾਂ ਨਾਲ ਕੋਈ ਅਧਿਕਾਰਤ ਤੌਰ 'ਤੇ ਸੰਪਰਕ ਹੀ ਨਹੀਂ ਕੀਤਾ ਜਾਂਦਾ। ਸੋ ਇਸੇ ਲਈ ਇਹ ਖੇਡਾਂ ਦੀ ਕਵਰੇਜ਼ ਨਹੀਂ ਕਰਦੇ।  ਪਰ ਇਹ ਗੱਲ ਵੀ ਪੂਰੀ ਤਰ੍ਹਾਂ ਠੀਕ ਨਹੀਂ, ਇਸ ਲਈ ਇਕ ਹੱਡ ਬੀਤੀ ਸਾਂਝੀ ਕਰਨੀ ਚਾਹੁੰਦਾ ਹਾਂ। 2011 'ਚ ਐਡੀਲੇਡ ਇਕ ਵਾਰ ਫੇਰ ਸਿੱਖ ਖੇਡਾਂ ਦਾ ਮੇਜ਼ਬਾਨ ਸੀ। ਮੈਨੂੰ ਇਹਨਾਂ ਖੇਡਾਂ ਲਈ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਮਿਲੀ। ਸੋ ਮੇਰਾ ਪਹਿਲਾ ਕੰਮ ਹੀ ਇਹ ਸੀ ਕਿ ਇਸ ਵਾਰ ਅਸੀਂ ਆਸਟ੍ਰੇਲੀਅਨ ਮੀਡੀਆ ਨੂੰ ਇਸ ਕਾਰਜ ਵਿਚ ਸ਼ਾਮਿਲ ਜ਼ਰੂਰ ਕਰਾਂਗੇ। ਇਸੇ ਮੱਦੇਨਜ਼ਰ ਮੈਂ ਕੁਝ ਇਕ ਚੈਨਲਾਂ ਅਤੇ ਅਖ਼ਬਾਰਾਂ ਦੇ ਦਫ਼ਤਰਾਂ 'ਚ ਗਿਆ। ਪਰ ਹਰ ਇਕ ਤੋਂ ਮੈਨੂੰ ਇਕੋ ਜਵਾਬ ਮਿਲਿਆ ਕਿ ਤੁਸੀਂ ਤਿੰਨ ਮਹੀਨੇ ਪਹਿਲਾਂ ਬੁੱਕ ਕਰਵਾਉਣਾ ਸੀ, ਹੁਣ ਤਾਂ ਦੇਰੀ ਹੋ ਗਈ। ਉਨ੍ਹਾਂ ਦੀ ਦਲੀਲ ਸੀ ਕਿ ਖੇਡਾਂ ਈਸਟਰ ਦੀਆਂ ਛੁੱਟੀਆਂ 'ਚ ਹੁੰਦੀਆਂ ਤੇ ਉਸ ਵਕਤ ਸਟਾਫ਼ ਬਹੁਤ ਘੱਟ ਹੁੰਦਾ ਹੈ, ਸੋ ਉਹ ਕਵਰੇਜ਼ ਨਹੀਂ ਕਰ ਸਕਦੇ। ਉਸ ਵਕਤ ਖੇਡਾਂ 'ਚ ਦੋ ਮਹੀਨੇ ਬਾਕੀ ਸਨ। ਇਕ ਚੈਨਲ ਵਾਲੀ ਬੀਬੀ ਨਾਲ ਤਾਂ ਮੇਰੀ ਤੂੰ ਤੂੰ ਮੈਂ ਮੈਂ ਵੀ ਹੋ ਗਈ ਸੀ ਜਦੋਂ ਮੈਂ ਉਸ ਨੂੰ ਇਹ ਕਹਿ ਬੈਠਾ ਕਿ ਜੇ ਅੱਜ ਸਾਡੇ ਕਿਸੇ ਪੰਜਾਬੀ ਕੋਲੋਂ ਕੋਈ ਨਿੱਕੀ ਜਿਹੀ ਗ਼ਲਤੀ ਹੋ ਜਾਵੇ ਤਾਂ ਤੁਸੀਂ ਉਸੇ ਵਕਤ ਉੱਥੇ ਪਹੁੰਚ ਕੇ ਮਿੱਟੀ ਪੱਟਣ ਲੱਗ ਜਾਵੋਗੇ। ਪਰ ਸਾਡੇ ਇਸ ਫ਼ਖ਼ਰ ਕਰਨ ਵਾਲੇ ਕੰਮ ਲਈ ਤੁਹਾਡੇ ਕੋਲ ਟਾਈਮ ਹੀ ਨਹੀਂ। ਉਹ ਤੂੰ ਤੂੰ ਮੈਂ ਮੈਂ ਤਾਂ ਜ਼ਿਆਦਾ ਨਹੀਂ ਵਧੀ ਕਿਉਂਕਿ ਮਾਤ੍ਹੜ ਆਪਣੀ ਅੰਗਰੇਜ਼ੀ ਮੁੱਕਣ ਦੇ ਡਰੋਂ ਉੱਥੋਂ ਖਿਸਕ ਆਇਆ। ਪਰ ਗੱਲ ਸਪੱਸ਼ਟ ਹੈ ਕਿ ਕਿਤੇ ਨਾ ਕਿਤੇ ਦਾਲ ਕਾਲੀ ਜ਼ਰੂਰ ਹੈ।

ਸਰਕਾਰ ਦੀ ਦਿਲਚਸਪੀ ਘੱਟ ਹੋਣ ਦਾ ਕਾਰਨ ਤਾਂ ਸਪੱਸ਼ਟ ਹੀ ਹੈ ਕਿ ਹਾਲੇ ਤੱਕ ਸਾਡੇ ਭਾਈਚਾਰੇ ਕੋਲ ਵੋਟ ਦੀ ਤਾਕਤ ਨਹੀਂ ਹੈ। ਉਮੀਦ ਹੈ ਕੁਝ ਕੁ ਸਾਲਾਂ ਨੂੰ ਇਹ ਸਾਨੂੰ ਆਪ ਮੇਲੇ ਗੇਲੇ ਕਰਦੇ ਦਿਖਾਈ ਦੇਣਗੇ, ਜਦੋਂ ਅਸੀਂ ਵੋਟਾਂ ਵਾਲੇ ਹੋ ਗਏ। ਇਸ ਮਸਲੇ ਨੂੰ ਇਕ ਵਾਰ ਮੈਂ ਸਾਡੇ ਲੋਕਲ ਫੈਡਰਲ ਐਮ. ਪੀ. ਨਾਲ ਸਾਂਝਾ ਕੀਤਾ ਸੀ ਤੇ ਉਸ ਨੂੰ ਅਹਿਸਾਸ ਕਰਵਾਇਆ ਸੀ ਕਿ ਅਸੀਂ ਇਹਨਾਂ ਖੇਡਾਂ ਨਾਲ ਆਸਟ੍ਰੇਲੀਅਨ ਅਰਥਚਾਰੇ 'ਚ ਕਿੰਨਾ ਯੋਗਦਾਨ ਦਿੰਦੇ ਹਾਂ। ਕਿਉਂਕਿ ਇਹਨਾਂ ਖੇਡਾਂ ਨੂੰ ਦੇਖਣ ਵਾਲੇ ਦੂਰੋਂ-ਦੂਰੋਂ ਹਜ਼ਾਰਾਂ ਡਾਲਰ ਖ਼ਰਚ ਕੇ ਆਉਂਦੇ ਹਨ। ਜਿਹੜਾ ਕਿ ਸਿੱਧੇ ਰੂਪ 'ਚ ਅਰਥਚਾਰੇ ਨੂੰ ਫ਼ਾਇਦਾ ਹੁੰਦਾ ਹੈ। ਪਰ ਆਪਣੀ ਆਵਾਜ਼ ਸਰਕਾਰ ਦੇ ਕੰਨੀਂ ਪਾਉਣ ਲਈ ਸਾਨੂੰ ਰਲ ਮਿਲ ਕੇ ਹੰਭਲਾ ਮਾਰਨਾ ਪੈਣਾ ਹੈ। ਨਹੀਂ ਤਾਂ ਅਸੀਂ ਇਸੇ ਤਰ੍ਹਾਂ ਹੀ ਅਣਗੌਲੇ ਰਹਿ ਜਾਣਾ। ਪਰ ਪਏਗਾ ਰਲ ਮਿਲ ਕੇ ਰਹਿਣਾ ! ''ਰਲ ਮਿਲ ਕੇ ਰਹਿਣਾ'' ਲਿਖਣ 'ਚ ਹੀ ਸੁਖਾਲਾ ਹੈ, ਅਸਲ 'ਚ ਤਾਂ ਸਾਡਾ ਇਕੱਲੇ ਇਕੱਲੇ ਦਾ ਹਉਮੈ ਰਲ-ਮਿਲ ਕੇ ਸਰਬੱਤ ਦੇ ਭਲੇ ਦੀ ਸੋਚਣ ਹੀ ਕਿੱਥੇ ਦਿੰਦਾ ਹੈ ?

ਇਕ ਦੋ ਹੋਰ ਮਸਲੇ ਹਨ ਜੋ ਸੰਖੇਪ 'ਚ ਸਾਂਝੇ ਕਰਨਾ ਚਾਹਾਂਗਾ। ਇਕ ਤਾਂ ਜਦੋਂ ਸਿੱਖ ਖੇਡਾਂ 'ਚ ਸ਼ਾਮਿਲ ਖਿਡਾਰੀਆਂ 'ਤੇ ਝਾਤ ਮਾਰੀਦੀ ਹੈ ਤਾਂ ਇਕ ਵਾਰ ਸੋਚਣ 'ਤੇ ਮਜਬੂਰ ਕਰ ਦਿੰਦੀ ਹੈ, ਜਦੋਂ ਇਹਨਾਂ ਖੇਡਾਂ 'ਚ ਪੂਰਨ ਸਿੱਖੀ ਸਰੂਪ 'ਚ ਖੇਡਣ ਵਾਲੇ ਖਿਡਾਰੀਆਂ ਦੀ ਗਿਣਤੀ ਨਾ ਮਾਤਰ ਜਾਂ ਕਹਿ ਦੇਈਏ ਇੱਕਾ ਦੁੱਕਾ ਹੀ ਦਿਖਾਈ ਦਿੰਦੀ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਭਾਵੇਂ ਮੇਰੇ ਜਿਹੇ ਸਿੱਖੀ ਦੇ ਦੋਸ਼ੀਆਂ ਦੀ ਬਹੁਤਾਤ ਹੋ ਗਈ ਹੈ ਪਰ ਸੱਚ ਜਾਣਿਓ, ਬਹੁਤਿਆਂ ਦੀਆਂ ਭਾਵਨਾਵਾਂ ਸਿੱਖੀ ਨੂੰ ਪ੍ਰਫੁੱਲਿਤ ਹੁੰਦਾ ਦੇਖਣ ਦੀਆਂ ਹਨ। ਅੱਜ ਜਦੋਂ ਗਹੁ ਨਾਲ ਇਹਨਾਂ ਖੇਡਾਂ ਦੀਆਂ ਤਸਵੀਰਾਂ ਦੇਖ ਰਿਹਾ ਸੀ ਤਾਂ ਇਹਨਾਂ ਖੇਡਾਂ 'ਚ ਸ਼ਾਮਿਲ ਲੋਕਾਂ 'ਚ ਪੂਰਨ ਸਿੱਖੀ ਸਰੂਪ 'ਚ ਇਕ-ਦੋ ਪ੍ਰਤੀਸ਼ਤ ਅਤੇ ਪੱਗ ਵਾਲੇ ਮਸਾਂ ਕੁ ਚਾਰ ਪ੍ਰਤੀਸ਼ਤ ਦੇਖਣ ਨੂੰ ਮਿਲ ਰਹੇ ਸਨ। ਜੋ ਵਾਕਿਆ ਸਾਡੇ ਧਰਮ ਲਈ ਚਿੰਤਾ ਦਾ ਵਿਸ਼ਾ ਹੈ। ਸਿੱਖ ਖੇਡਾਂ ਦਾ ਸਿਰਫ਼ ਇਕ ਝਲਕਾਰਾ ਤਿੰਨ ਦਿਨਾਂ 'ਚ ਉਦੋਂ ਦੇਖਣ ਨੂੰ ਮਿਲਿਆ, ਜਦੋਂ ਰਣਜੀਤ ਅਖਾੜਾ ਦੇ ਸਿੰਘਾਂ ਨੇ ਗਤਕੇ ਦੀ ਮਹਾਨ ਪਰੰਪਰਾ ਨੂੰ ਮੈਦਾਨ ਵਿਚ ਕੁਝ ਵਕਤ ਲਈ ਜਿਉਂਦਾ ਕਰ ਦਿੱਤਾ।

ਇਹਨਾਂ ਖੇਡਾਂ ਦੌਰਾਨ ਹੁੰਦੀ ਸਿੱਖ ਫੋਰਮ ਦਾ ਇਤਿਹਾਸ ਵੀ ਇਹਨਾਂ ਖੇਡਾਂ ਜਿਨ੍ਹਾਂ ਹੀ ਪੁਰਾਣਾ ਹੋ ਚੁੱਕਿਆ ਪਰ ਅਫ਼ਸੋਸ ਹਾਲੇ ਤੱਕ ਵੀਹ-ਤੀਹ ਬੰਦਿਆਂ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕੀ। ਕਿਸੇ ਵੀ ਧਰਮ ਲਈ ਇਹੋ ਜਿਹੇ ਫੋਰਮ ਦਾ ਮਹੱਤਵ ਬਹੁਤ ਹੀ ਜ਼ਿਆਦਾ ਹੁੰਦਾ ਹੈ। ਇਸ ਪਾਸੇ ਸਾਨੂੰ ਹੋਰ ਸੋਚਣਾ ਪਵੇਗਾ। ਚਾਹੇ ਇਸ ਦਾ ਸਮਾਂ ਅੱਗੇ ਪਿੱਛੇ ਕੀਤਾ ਜਾਵੇ ,ਚਾਹੇ ਇਸ ਨਾਲ ਕੁਝ ਕੁ ਪ੍ਰਦਰਸ਼ਨੀਆਂ ਨੂੰ ਜੋੜਿਆ ਜਾਵੇ। ਜਿਸ ਨਾਲ ਨਵੀਂ ਪੁਰਾਣੀ ਪੀੜ੍ਹੀ ਨੂੰ ਇਸ ਫੋਰਮ ਵਿਚ ਹੋਰ ਜਿਗਿਆਸਾ ਪੈਦਾ ਹੋਵੇ। ਇਸ ਬਾਰ ਦੀ ਫੋਰਮ ਵਿਚ ਵੀ ਲੋਕਾਂ ਦੀ ਘਾਟ ਰੜਕੀ ਅਤੇ ਕੁਝ ਕੁ ਬੁਲਾਰੇ ਆਪਣੀ ਮਾਤ ਭਾਸ਼ਾ ਦਾ ਫ਼ਿਕਰ ਅੰਗਰੇਜ਼ੀ ਵਿਚ ਕਰਨ ਨੂੰ ਤਰਜੀਹ ਦਿੰਦੇ ਦਿਖਾਈ ਦਿੱਤੇ।

ਬਾਬਾ ਫੌਜਾ ਸਿੰਘ ਦੀ ਹਾਜ਼ਰੀ ਵੀ ਇਹਨਾਂ ਖੇਡਾਂ 'ਚ ਕਾਫ਼ੀ ਹਲਚਲ ਪੈਦਾ ਕਰ ਗਈ। ਮੈਨੂੰ ਨਹੀਂ ਲਗਦਾ ਸਿੱਖ ਖੇਡਾਂ 'ਚ ਆਇਆ ਕੋਈ ਵੀ ਜੀਅ (ਮੇਰੇ ਤੋਂ ਸਿਵਾਏ) ਬਾਬਾ ਜੀ ਨਾਲ ਫ਼ੋਟੋ ਨਾ ਖਿਚਵਾ ਕੇ ਗਿਆ ਹੋਵੇ। ਐਸ. ਬੀ. ਐਸ. ਰੇਡੀਓ ਤੋਂ ਬੀਬੀ ਮਨਪ੍ਰੀਤ ਕੌਰ ਨੂੰ ਬਾਬਾ ਜੀ ਦੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕਾਫ਼ੀ ਮਸ਼ੱਕਤ ਕਰਨੀ ਪੈ ਰਹੀ ਸੀ।

ਖੇਡਾਂ ਦੌਰਾਨ ਖਾਣ-ਪੀਣ ਦੇ ਇੰਤਜ਼ਾਮ ਲਾਜਵਾਬ ਸਨ ਪਰ ਹਾਲੇ ਕਾਫ਼ੀ ਸੁਧਾਰ ਦੀ ਗੁੰਜਾਇਸ਼ ਹੈ। ਖੇਡਾਂ ਦੇ ਵਿਚਕਾਰਲੇ ਦਿਨ 2015 ਦੀਆਂ ਵੂਲਗੂਲਗਾ ਵਿਖੇ ਹੋ ਰਹੀਆਂ ਖੇਡਾਂ ਦੇ ਪ੍ਰਬੰਧਕ ਸਰਦਾਰ ਮਨਜੀਤ ਸਿੰਘ ਸਿੱਧੂ ਨਾਲ ਅਤੇ ਅਮਨਦੀਪ ਸਿੱਧੂ ਨਾਲ ਇਸ ਵਿਸ਼ੇ ਤੇ ਖੁਲ ਕੇ ਗੱਲਬਾਤ ਹੋਈ ਕਿ ਖਿਡਾਰੀਆਂ ਅਤੇ ਪ੍ਰਬੰਧਕਾਂ ਲਈ ਅਲੱਗ ਤੋਂ ਲੰਗਰ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਕਿਉਂਕਿ ਮੈਚ ਤੋਂ ਬਾਅਦ ਖਿਡਾਰੀ ਲੰਮੀਆਂ ਲਾਈਨਾਂ 'ਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਅਕਸਰ ਹੀ ਦੇਖੇ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੀ ਖੇਡ ਪ੍ਰਭਾਵਿਤ ਹੁੰਦੀ ਹੈ। ਸਾਡਾ ਗੱਲਬਾਤ ਦਾ ਦੂਜਾ ਵਿਸ਼ਾ ਮੀਡੀਆ ਲਈ ਇਕ ਸੈਂਟਰ ਪੁਆਇੰਟ ਬਣਾਉਣਾ ਸੀ, ਜਿਸ ਨਾਲ ਕਿ ਮੀਡੀਆ ਨੂੰ ਛੇਤੀ ਤੇ ਸਹੀ ਜਾਣਕਾਰੀ ਆਸਾਨੀ ਨਾਲ ਇਕੋ ਥਾਂ ਤੋਂ ਮਿਲ ਸਕੇ।

ਇਕ ਹੋਰ ਜਿਸ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਸਾਡੇ ਕੁਝ ਇਕ ਅਦਾਰੇ ਆਪਸੀ ਧੜੇਬੰਦੀ ਵਿੱਚ ਆਮ ਲੋਕਾਂ ਅਤੇ ਖਿਡਾਰੀਆਂ ਦਾ ਸ਼ਿਕਾਰ ਕਰ ਰਹੇ ਹਨ। ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਜਿੱਥੇ ਵੀ ਸਿੱਖ ਖੇਡਾਂ ਹੋਣ, ਉਸ ਤੋਂ ਥੋੜ੍ਹਾ ਪਹਿਲਾਂ ਕੋਈ ਹੋਰ ਟੂਰਨਾਮੈਂਟ ਰੱਖ ਲਿਆ ਜਾਂਦਾ ਹੈ, ਜੋ ਅਸਿੱਧੇ ਰੂਪ 'ਚ ਇਹਨਾਂ ਖੇਡਾਂ ਨੂੰ ਪ੍ਰਭਾਵਿਤ ਕਰ ਜਾਂਦਾ ਹੈ। ਇਹਨਾਂ ਲੋਕਾਂ ਨੂੰ ਵੀ ਬੇਨਤੀ ਹੀ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਵਾਰਿਸੋ ਕਦੇ ਇਕੱਲੇ ਬੈਠ ਆਪਣਿਆਂ ਬਾਰੇ ਵੀ ਸੋਚ ਕੇ ਦੇਖ ਲਵੋ ਕਿ ਭਲਾ ਮੰਗਣ ਅਤੇ ਕਰਨ ਨਾਲ ਮਨ ਨੂੰ ਕਿੰਨਾਂ ਸਕੂਨ ਮਿਲਦਾ ਹੈ !

ਇਸ ਵਾਰ ਸਾਫ਼ ਸਫ਼ਾਈ ਅਤੇ ਪਾਣੀ ਪਿਲਾਉਣ ਦੀ ਸੇਵਾ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਛੇ ਕੁ ਮਹੀਨੇ ਪਹਿਲਾਂ ਇਕ ਹੋਰ ਕਲੱਬ ਮੈਲਬਾਰਨ 'ਚ ਪੰਜਾਬੀ ਸਪੋਰਟਸ ਅਤੇ ਕਲਚਰਲ ਦੇ ਨਾਂ ਹੇਠ ਹੋਂਦ 'ਚ ਆਇਆ ਸੀ। ਉਸ ਵਕਤ ਮੈਂ ਵੀ ਇਹੀ ਸੋਚਦਾ ਸੀ ਕਿ ਇਹ ਵੀ ਬੱਸ ਐਵੇਂ ਇੱਕਾ ਦੁੱਕਾ ਸੁਰਖ਼ੀਆਂ ਬਟੋਰਨ ਲਈ ਬਣਿਆ ਕਲੱਬ ਹੈ। ਪਰ ਉਨ੍ਹਾਂ ਸਿੱਖ ਖੇਡਾਂ 'ਚ ਚੌਧਰ ਦੀ ਥਾਂ ਅਸਲੀ ਸੇਵਾ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਕੋਲੋਂ ਲਈ ਸੀ। ਜਿਸ ਵਿਚ ਉਹ ਪੂਰਨ ਤੌਰ 'ਤੇ ਖਰੇ ਵੀ ਉਤਰੇ। ਤਿੰਨੇ ਦਿਨ ਇਸ ਕਲੱਬ ਦੇ ਨੌਜਵਾਨਾਂ ਨੇ ਪੀਲੀਆਂ ਟੀ ਸ਼ਰਟਾਂ ਪਾ ਕੇ ਹਜ਼ਾਰਾਂ ਬੋਤਲਾਂ ਪਾਣੀ ਦੀਆਂ ਵੰਡੀਆਂ ਤੇ ਨਾਲ-ਨਾਲ ਸਫ਼ਾਈ ਲਈ ਬਹੁਤ ਮਿਹਨਤ ਕੀਤੀ। ਗੋਲਡੀ ਬਰਾੜ, ਵਿੱਕੀ ਸੰਧੂ, ਬਲਦੇਵ ਸਿੰਘ ਹਰੀ, ਕੁਲਦੀਪ ਸਿੰਘ ਔਲਖ ਆਦਿ ਜਿੱਥੇ ਹਰ ਵਕਤ ਸੇਵਾ 'ਚ ਰੁੱਝੇ ਦਿਸੇ ਉੱਥੇ ਮਨਜਿੰਦਰ ਬਰਾੜ, ਪਾਇਲਟ ਬਰਾੜ, ਗੁਰਲਾਲ ਬਰਾੜ ਆਦਿ ਨੇ ਇਸ ਕਾਰਜ 'ਚ ਬਹੁਤ ਸਹਿਯੋਗ ਦਿੱਤਾ। ਫੋਕੀ ਬਿਆਨਬਾਜ਼ੀ ਕਰ ਕੇ ਖ਼ਬਰਾਂ 'ਚ ਰਹਿਣ ਵਾਲਿਆਂ ਲਈ ਇਹਨਾਂ ਨੌਜਵਾਨਾਂ ਨੇ ਇਕ ਚੰਗੀ ਮਿਸਾਲ ਪੇਸ਼ ਕੀਤੀ। ਗੋਲਡੀ ਬਰਾੜ ਦੀ ਇਥੇ ਖ਼ਾਸ ਪ੍ਰਸ਼ੰਸਾ ਕਰਨੀ ਬਣਦੀ ਹੈ, ਕਿਉਂਕਿ ਉਨ੍ਹਾਂ ਸਿੱਖ ਖੇਡਾਂ ਦੀ ਕਮੇਟੀ ਅਤੇ ਸਰਕਾਰ ਵਿਚਾਲੇ ਇਕ ਕੜੀ ਦੀ ਜੋ ਭੂਮਿਕਾ ਨਿਭਾਈ ਉਹ ਕਾਬਿਲ-ਏ-ਤਾਰੀਫ਼ ਹੈ। ਆਉਣ ਵਾਲੇ ਦਿਨਾਂ 'ਚ ਇਸ ਨੌਜਵਾਨ ਤੋਂ ਪੰਜਾਬੀ ਭਾਈਚਾਰੇ ਨੂੰ ਕਾਫ਼ੀ ਉਮੀਦਾਂ ਹਨ। ਉਸ ਦਾ ਭਵਿੱਖ ਕਾਫ਼ੀ ਉੱਜਵਲ ਲੱਗ ਰਿਹਾ ਹੈ ਪਰ ਸ਼ਰਤ ਇਹ ਹੈ ਕਿ ਜੇਕਰ ਉਹ ਧਰਤੀ ਨਾਲ ਜੁੜ ਕੇ ਅੱਗੇ ਵਧਣ ਲਈ ਵਚਨਬੱਧ ਰਿਹਾ ਤਾਂ ।

ਮਾਇਕ ਦੀ ਜ਼ਿੰਮੇਵਾਰੀ ਦੇਸ਼ੋਂ ਆਏ ਸੁਰਜੀਤ ਸਿੰਘ ਕਕਰਾਲੀ ਅਤੇ ਸੱਤੇ ਨਿਊਜ਼ੀਲੈਂਡੀਏ ਵੱਲੋਂ ਨਿਭਾਈ ਗਈ। ਕਿਤੇ ਨਾ ਕਿਤੇ ਆਸਟ੍ਰੇਲੀਆ ਦੀ ਆਪਣੀ ਕਬੱਡੀ ਕੰਮੈਟੇਟਰ ਜੋੜੀ ਰਣਜੀਤ ਖੇੜਾ ਅਤੇ ਚਰਨਾਮਤ ਸਿੰਘ ਦੀ ਗ਼ੈਰ ਹਾਜ਼ਰੀ ਰੜਕ ਰਹੀ ਸੀ। ਉਨ੍ਹਾਂ ਨੇ ਇਕ ਦਿਨ ਲਗਵਾਈ ਛੋਟੀ ਜਿਹੀ ਹਾਜ਼ਰੀ 'ਚ ਸਭ ਨੂੰ ਪ੍ਰਭਾਵਿਤ ਕੀਤਾ। ਇਸ ਵਾਰ ਵੀ ਹਰਮਨ ਰੇਡੀਓ 'ਤੇ ਲਾਈਵ ਕਮੈਂਟਰੀ ਚਲਾਈ ਗਈ ਪਰ ਗਰਾਊਂਡ ਦੇ ਰੌਲ਼ੇ ਰੱਪੇ 'ਚ ਉਹ ਸੁਆਦ ਨਹੀਂ ਆਇਆ, ਜੋ ਆਉਣਾ ਚਾਹੀਦਾ ਸੀ। ਹਰਭਜਨ ਖੈਰ੍ਹਾ ਅਤੇ ਡਾ. ਪ੍ਰੀਤਇੰਦਰ ਗਰੇਵਾਲ ਦੀ ਮਿਹਨਤ ਦੇ ਨਤੀਜੇ ਵਜੋਂ ਰਾਤ ਦਾ ਰੰਗਾ-ਰੰਗ ਪ੍ਰੋਗਰਾਮ ਵੀ ਹਾਊਸ ਫੁਲ ਦਾ ਬੋਰਡ ਲਗਵਾ ਗਿਆ।

ਅਖੀਰ ਵਿਚ ਲੰਮੇ ਸਮੇਂ ਬਾਅਦ ਸਿੱਖ ਖੇਡਾਂ ਦੀ ਜ਼ਿੰਮੇਵਾਰੀ ਮਹਾਂਬੀਰ ਸਿੰਘ ਗਰੇਵਾਲ ਤੋਂ ਮਨਜੀਤ ਸਿੰਘ ਬੋਪਾਰਾਏ ਦੇ ਮੋਢਿਆਂ ਤੇ ਆਈ ਹੈ।  ਉਨ੍ਹਾਂ ਨੂੰ ਸਰਬਸੰਮਤੀ ਨਾਲ ਇਹਨਾਂ ਖੇਡਾਂ ਦਾ ਪ੍ਰਧਾਨ ਬਣਾਇਆ ਗਿਆ ਹੈ।  ਜਿਸ ਦਾ ਮੈਂ ਇਕ ਵੱਡਾ ਕਾਰਣ ਸੰਨ 2008 ਜਦੋਂ ਤੋਂ 'ਦੀ ਪੰਜਾਬ' ਅਖ਼ਬਾਰ ਹੋਂਦ ਵਿਚ ਆਇਆ ਹੈ, ਵੱਲੋਂ ਭਾਈਚਾਰੇ ਦੀ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਨੂੰ ਮੰਨਦਾ ਹਾਂ। ਹਰ ਇਨਸਾਨ ਦਾ ਕੰਮ ਕਰਨ ਦਾ ਵੱਖਰਾ ਤਰੀਕਾ ਹੁੰਦਾ ਹੈ। ਉਮੀਦ ਹੈ ਹੁਣ ਮਨਜੀਤ ਸਿੰਘ ਬੋਪਾਰਾਏ ਇਹਨਾਂ ਖੇਡਾਂ ਦੇ ਅਣਗੌਲੇ ਪੱਖਾਂ ਵੱਲ ਧਿਆਨ ਦੇਣਗੇ, ਜਿੰਨ੍ਹਾਂ ਵਿਚ ਮੀਡੀਆ ਕਵਰੇਜ਼ ਤੋਂ ਇਲਾਵਾ ਇਹਨਾਂ ਖੇਡਾਂ ਦੇ ਰਿਕਾਰਡ ਦੀ ਸਾਂਭ ਸੰਭਾਲ ਵੀ ਇਕ ਅਹਿਮ ਕੰਮ ਹੈ ਤਾਂ ਕਿ ਇਤਿਹਾਸ ਨੂੰ ਸਾਂਭਿਆ ਜਾ ਸਕੇ। ਅੱਜ ਦੇ ਯੁੱਗ 'ਚ ਇਹ ਕੰਮ ਕੋਈ ਔਖਾ ਵੀ ਨਹੀਂ, ਬੱਸ ਲੋੜ ਹੈ ਕਿਸੇ ਮਾਹਿਰ ਅਤੇ ਜ਼ਿੰਮੇਵਾਰ ਬੰਦੇ ਨੂੰ ਇਸ ਦੀ ਵਾਗਡੋਰ ਫੜਾਉਣ ਦੀ। ਜਾਂਦੇ ਜਾਂਦੇ ਕੁਲਦੀਪ ਬਾਸੀ ਦੇ ਨਵੀਂ ਖੋਜ ਮੀਕ ਦਾ ਜ਼ਿਕਰ ਕਰਨਾ ਬਣਦਾ ਹੈ ਜਿਸ ਨੇ ਇਹਨਾਂ ਖੇਡਾਂ 'ਚ ਆਪਣੀ ਧਾਕ ਜਮਾਈ।  
ਮਿੰਟੂ ਬਰਾੜ
****

Friday, January 4, 2013

''ਸ਼ਬਦ ਗੁਰੂ ਦੇ ਵਾਰਿਸ ਭਾਈ ਮਨੀ ਸਿੰਘ ਤੋਂ ਯੋ-ਯੋ ਹੈ-ਨਈ ਸਿੰਘ ਤੱਕ''



ਪਿਛਲੇ ਵਰ੍ਹੇ ਜੂਨ ਮਹੀਨੇ 'ਚ ਗੁਰਪ੍ਰੀਤ ਘੁੱਗੀ ਦੇ ਆਸਟ੍ਰੇਲੀਆ ਦੌਰੇ ਦੌਰਾਨ ਉਨ੍ਹਾਂ ਨਾਲ ਕੁਝ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ। ਜਿਸ ਦੌਰਾਨ ਕਾਮੇਡੀ ਤੋਂ ਹਟ ਕੇ ਹੋਰ ਬਹੁਤ ਸਾਰੇ ਮੁੱਦਿਆਂ 'ਤੇ ਸਾਡੀ ਗੱਲਬਾਤ ਹੋਈ। ਮੇਰੇ ਮਨ 'ਚ ਪਹਿਲਾਂ ਵੀ ਗੁਰਪ੍ਰੀਤ ਲਈ ਕਾਫ਼ੀ ਸਤਿਕਾਰ ਸੀ। ਪਰ ਉਸ ਦਿਨ ਦੀ ਮੁਲਾਕਾਤ ਤੋਂ ਬਾਅਦ ਮੇਰੇ ਵਿਚਾਰਾਂ ਨੂੰ ਹੋਰ ਪ੍ਰੋੜ੍ਹਤਾ ਮਿਲੀ। ਉਹ ਆਪਣੇ ਵਿਰਸੇ ਪ੍ਰਤੀ ਕਾਫ਼ੀ ਚਿੰਤਤ ਹੈ। ਗੱਲਾਂ-ਬਾਤਾਂ ਦੌਰਾਨ ਉਨ੍ਹਾਂ ਕਿਹਾ ਕਿ ਤੁਸੀਂ ਬਹੁਤ ਕੁਝ ਲਿਖਦੇ ਰਹਿੰਦੇ ਹੋ, ਕਿਸੇ ਦਿਨ ਸਾਡੇ ਵਿਗੜ ਰਹੇ ਵਿਰਸੇ ਅਤੇ ਧਰਮ 'ਤੇ ਵੀ ਲਿਖੋ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਤਕਰੀਬਨ ਤਿੰਨ ਕੁ ਵਰ੍ਹੇ ਪਹਿਲਾਂ ਆਪਣੇ ਆਪ ਨਾਲ ਵਾਅਦਾ ਕਰ ਬੈਠਾ ਹਾਂ ਕਿ ਭਵਿੱਖ 'ਚ ਕਦੇ ਆਪਣੇ ਧਰਮ ਬਾਬਤ ਨਹੀਂ ਲਿਖਾਂਗਾ ਕਿ ਉਸ ਵਕਤ ਮੈਂ ਇੱਕ-ਦੋ ਖੁੱਲ੍ਹੀਆਂ ਚਿੱਠੀਆਂ ਪੰਥ ਦੇ ਨਾਂ ਲਿਖ ਦਿੱਤੀਆਂ ਸਨ ਤੇ ਪੰਥ ਦੇ ਠੇਕੇਦਾਰਾਂ ਨੇ ਮੈਨੂੰ ਇਸ ਪਾਸੇ ਲਿਖਣ ਲਈ ਤੌਬਾ ਕਰਵਾ ਦਿਤੀ ਸੀ। ਭਾਵੇਂ ਇਹ ਮੈਂ ਕਿਸੇ ਦੇ ਡਰੋਂ ਨਹੀਂ ਕੀਤਾ, ਬੱਸ ਉਸ ਵਕਤ ਸ਼ਬਦ ਗੁਰੂ ਤੋਂ ਹੁਕਮ ਮੰਗਿਆ ਤਾਂ ਉਥੋਂ ਇਹੀ ਹਦਾਇਤ ਆਈ ਕਿ ''ਮੂਰਖੈ ਨਾਲਿ ਨ ਲੁਝੀਐ''। ਸੋ, ਉਸੇ ਦਿਨ ਤੋਂ ਇਸ ਹੁਕਮ ਦਾ ਇਸ਼ਾਰਾ ਸਮਝ ਗਿਆ ਕਿ ਜਾਂ ਤਾਂ ਸ਼ਬਦ ਗੁਰੂ ਉਨ੍ਹਾਂ ਲੋਕਾਂ ਨੂੰ ਅਗਾਹ ਕਰ ਰਹੇ ਹਨ, ਜੋ ਮੇਰੇ ਜਿਹੇ ਮੂਰਖ ਨਾਲ ਸਿੰਘ ਅੜਾਉਂਦੇ ਹਨ ਜਾਂ ਫੇਰ ਇਸ ਦੇ ਉਲਟ ਇਸ਼ਾਰਾ ਹੋਵੇ।

ਗੱਲ ਅੱਗੇ ਤੋਰਨ ਤੋਂ ਪਹਿਲਾਂ ਦਸ ਦਿਆਂ ਕਿ ਧਰਮ ਦੇ ਠੇਕੇਦਾਰਾਂ ਨੇ ਉਸ ਵਕਤ ਮੈਨੂੰ ਇਸ ਲਈ ਵਰਜਿਆ ਸੀ ਕਿ ਇੱਕ ਤਾਂ ਮੈਂ ਰਹਿਤ ਧਾਰੀ ਨਹੀਂ ਹਾਂ ਤੇ ਦੂਜਾ ਮੇਰੇ ਨਾਂ ਨਾਲ 'ਸਿੰਘ' ਨਹੀਂ ਲਿਖਿਆ ਹੋਇਆ। ਫੇਰ ਸੋਚਣ 'ਤੇ ਮਜ਼ਬੂਰ ਹੁੰਦਾ ਹਾਂ ਕਿ ਹਨੀ ਸਿੰਘ ਤਾਂ ਸਿੰਘ ਲਿਖਦਾ!!! ਚਲੋ ਛੱਡੋ ਜੀ, ਬਹੁਤ ਕੁਝ ਹੈ ਇਸ ਮਸਲੇ 'ਚ ਮੇਰੇ ਕੋਲ ਲਿਖਣ ਲਈ ਪਰ ਮੈਂ ਉਲਝਣਾ ਨਹੀਂ ਚਾਹੁੰਦਾ । ਹਰ ਬੰਦੇ ਦੀ ਆਪਣੀ ਆਜ਼ਾਦੀ ਹੁੰਦੀ ਹੈ ਕਿ ਉਹ ਕੀ ਬਣਨਾ ਚਾਹੁੰਦਾ ਹੈ, ਸੋ ਮੈਂ ਸਿੱਖ ਬਣ ਕੇ ਬਹੁਤ ਖ਼ੁਸ਼ ਹਾਂ ਤੇ ਹਾਲੇ ਬਹੁਤ ਕੁਝ ਸਿੱਖਣਾ ਚਾਹੁੰਦਾ ਹਾਂ। ਹਾਂ ! ਜਿਸ ਦਿਨ ਲਗਿਆ ਕਿ ਹੁਣ ਮੈਂ ਸਿੰਘ ਸਜਣ ਲਈ ਪਰਪੱਕ ਹੋ ਗਿਆਂ ਹਾਂ ਤਾਂ ਜ਼ਰੂਰ ਸਜਾਂਗਾ।

ਹੁਣ ਤੁਸੀਂ ਸੋਚਦੇ ਹੋਵੋਗੇ ਕਿ ਜੇ ਧਰਮ ਬਾਰੇ ਨਾ ਲਿਖਣ ਦਾ ਵਾਅਦਾ ਕੀਤਾ ਸੀ ਤਾਂ ਅੱਜ ਫੇਰ ਕਿਉਂ ਲੱਸੀ ਰਿੜਕਣ ਬੈਠ ਗਿਆ ਹਾਂ । ਦੋਸਤੋ! ਮੇਰੇ ਯੂ ਟਰਨ ਮਾਰਨ ਦਾ ਕਾਰਨ ਹਿੰਦੀ ਫ਼ਿਲਮ 'ਓ ਮਾਈ ਗਾਡ' ਬਣੀ ਹੈ। ਥੋੜ੍ਹਾ ਚਿਰ ਪਹਿਲਾਂ ਰਿਲੀਜ਼ ਹੋਈ ਇਸ ਫ਼ਿਲਮ ਨੂੰ ਜੋ ਵੀ ਦੇਖ ਆਉਂਦਾ ਸੀ, ਆਉਣ ਸਾਰ ਫੇਸਬੁੱਕ ਤੇ ਸਿਫ਼ਤਾਂ ਦੇ ਪੁਲ ਬੰਨ੍ਹ ਦਿੰਦਾ ਸੀ। ਮੇਰੀ ਜਿਗਿਆਸਾ ਵੀ ਵਧੀ ਕਿ ਇਸ ਫ਼ਿਲਮ 'ਚ ਇਹੋ ਜਿਹਾ ਕੀ ਹੈ! ਸੋ ਫ਼ਿਲਮ ਦੇਖੀ, ਦੇਖ ਕੇ ਹਜ਼ਾਰਾਂ ਹੀ ਸਵਾਲ ਮਨ 'ਚ ਖੜ੍ਹੇ ਹੋ ਗਏ। ਜਿਨ੍ਹਾਂ ਵਿਚ ਇਕ ਤਾਂ ਇਹ ਸੀ ਕਿ ਲੋਕ ਹਿੰਦੀ ਫ਼ਿਲਮਾਂ 'ਚ ਨੰਗੇਜ਼ ਅਤੇ ਦੋ ਅਰਥੀ ਸ਼ਬਦਾਵਲੀ ਨੂੰ ਸਮੇਂ ਦੀ ਲੋੜ ਦੱਸਦੇ ਹਨ। ਉਨ੍ਹਾਂ ਦੀ ਦਲੀਲ ਹੁੰਦੀ ਹੈ ਕੀ ਇਹਨਾਂ ਚੀਜ਼ਾਂ ਬਿਨਾਂ ਫ਼ਿਲਮ ਹਿੱਟ ਨਹੀਂ ਹੋ ਸਕਦੀ। ਪਰ ਬਿਨਾਂ ਕਿਸੇ ਨੰਗੇਜ਼ ਦੇ ਸੁਪਰ ਹਿੱਟ ਹੋ ਕੇ ਇਸ ਫ਼ਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਕਿੰਝ ਸਾਫ਼ ਸੁਥਰੀਆਂ ਫ਼ਿਲਮਾਂ ਵੀ ਹਿੱਟ ਹੋ ਜਾਂਦੀਆਂ ਹਨ।

ਪਰ ਅਸਲੀ ਸਵਾਲ ਤਾਂ ਇਹ ਹੈ ਕਿ ਫ਼ਿਲਮ ਵਿਚ ਸ਼ਬਦ ਗੁਰੂ ਦੀ ਮਹੱਤਤਾ ਦਰਸਾਈ ਗਈ ਹੈ। ਸਾਰੀ ਦੀ ਸਾਰੀ ਫ਼ਿਲਮ ਗੁਰੂ ਨਾਨਕ ਜੀ ਦੇ ਫ਼ਲਸਫ਼ੇ ਤੇ ਅਧਾਰਿਤ ਹੈ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਫੇਰ ਉਸ ਦੇ ਵਾਰਿਸਾਂ ਦਾ ਕਿਤੇ ਜ਼ਿਕਰ ਕਿਉਂ ਨਹੀਂ ਕੀਤਾ ਗਿਆ ? ਬਹੁਤ ਹੀ ਸਮਝਦਾਰੀ ਨਾਲ ਇਸ ਫ਼ਿਲਮ ਨੂੰ ਸਿੱਖ ਧਰਮ ਤੋਂ ਦੂਰ ਰੱਖਿਆ ਗਿਆ ਹੈ। ਭਾਵੇਂ ਮੈਂ ਪਹਿਲਾਂ ਕਹਿ ਚੁੱਕਿਆਂ ਕਿ ਫ਼ਲਸਫ਼ਾ ਸਿੱਖ ਧਰਮ ਦਾ ਅਪਣਾਇਆ ਗਿਆ ਹੈ ਤੇ ਬਹੁਤ ਸਾਰੀਆਂ ਬੁਰਾਈਆਂ ਵੀ ਉਹੀ ਦਿਖਾਈਆਂ ਹਨ, ਜੋ ਅੱਜ ਕੱਲ੍ਹ ਸਿੱਖ ਧਰਮ 'ਚ ਦਾਖਿਲ ਹੋ ਚੁੱਕੀਆਂ ਹਨ। ਜਿਵੇਂ ਕਿ ਡੇਰਾਵਾਦ, ਗੋਲਕਵਾਦ, ਧਰਮ ਦੇ ਨਾਂ ਤੇ ਸਿਆਸਤ ਅਤੇ ਜਜ਼ਬਾਤੀ ਬਲੈਕਮੇਲ ਆਦਿ। ਫ਼ਿਲਮ ਦੇਖ ਕੇ ਇਕ ਵਿਚਾਰ ਮਨ ਵਿਚ ਆਉਂਦਾ ਹੈ ਕਿ ਕੀ ਅੱਜ ਭਾਰਤ ਵਿਚ ਤਿੰਨ ਹੀ ਧਰਮ ਹਨ! ਭਾਵੇਂ ਨਿੱਜੀ ਤੌਰ ਤੇ ਮੈਂ ਇਹਨਾਂ ਧਰਮ ਦੇ ਨਾਂ ਤੇ ਵੰਡੀਆਂ 'ਚ ਯਕੀਨ ਨਹੀਂ ਰੱਖਦਾ, ਪਰ ਇਕ ਗੱਲ ਚਿੰਤਾ ਜ਼ਰੂਰ ਪੈਦਾ ਕਰਦੀ ਹੈ ਕਿ ਇਹ ਸਭ ਕੁਝ ਇਤਿਹਾਸ ਨੂੰ ਬਦਲਣ ਵੱਲ ਇਸ਼ਾਰਾ ਹੈ।ਭਾਵੇਂ ਸਿਆਣੇ ਕਹਿੰਦੇ ਹਨ ਕਿ  ਇਤਿਹਾਸ ਨੂੰ ਕੋਈ ਵੀ ਬਦਲ ਨਹੀਂ ਸਕਦਾ, ਪਰ ਇਕ ਸੱਚ ਇਹ ਵੀ ਹੈ ਕਿ ਜੇ ਇਕ ਪੀੜ੍ਹੀ ਅਗਲੀ ਪੀੜ੍ਹੀ ਨੂੰ ਇਤਿਹਾਸ ਦੀ ਤੋੜ ਮਰੋੜ ਕੇ ਜਾਣਕਾਰੀ ਦੇਣੀ ਸ਼ੁਰੂ ਕਰ ਦੇਵੇ ਤਾਂ ਸਿਰਫ਼ ਵੀਹ ਕੁ ਵਰ੍ਹਿਆਂ 'ਚ ਆਉਣ ਵਾਲੀ ਪੀੜ੍ਹੀ ਸੱਚ ਤੋਂ ਅਣਜਾਣ ਹੋ ਜਾਵੇਗੀ।

ਇਕ ਗੱਲ ਹੋਰ ਜੋ ਜ਼ਿਹਨ 'ਚ ਆਉਂਦੀ ਹੈ ਉਹ ਇਹ ਕਿ ਜਦੋਂ ਅੱਜ ਤੋਂ ਵੀਹ-ਤੀਹ ਵਰ੍ਹੇ ਬਾਅਦ ਕੋਈ ਇਹ ਫ਼ਿਲਮ ਦੇਖੇਗਾ ਤਾਂ ਉਸ ਦੇ ਦਿਮਾਗ਼ 'ਚ ਇਹੀ ਗੱਲ ਆਵੇਗੀ ਕਿ ਉਸ ਵਕਤ ਸਿੱਖ ਧਰਮ ਦਾ ਕੋਈ ਵਜੂਦ ਨਹੀਂ ਸੀ। ਕਿਉਂਕਿ ਇਸ ਫ਼ਿਲਮ 'ਚ ਇਹੀ ਦਰਸਾਇਆ ਗਿਆ ਹੈ। ਹੁਣ ਗੱਲ ਆਉਂਦੀ ਹੈ ਕਿ ਇੰਝ ਕਿਉਂ ਹੋਇਆ! ਦੋਸਤੋ! ਇਕ ਗੱਲ ਜੱਗ ਜਾਹਿਰ ਹੈ ਕਿ ਹਿੰਦੀ ਫ਼ਿਲਮਾਂ ਨੂੰ ਕਾਮਯਾਬ ਕਰਨ ਲਈ ਪੰਜਾਬੀ ਤੜਕਾ ਬਹੁਤ ਜ਼ਰੂਰੀ ਸਮਝਿਆ ਜਾਂਦਾ ਰਿਹਾ ਹੈ। ਪਰ ਪਿਛਲੇ ਕੁਝ ਕੁ ਸਮੇਂ ਦਾ, ਜਦੋਂ ਤੋਂ ਜਾਗਰੂਕ ਲੋਕਾਂ ਨੇ ਕੁਝ ਨਕੇਲ ਕੱਸੀ ਤਾਂ ਕਿਸੇ ਟਾਈਮ 'ਚ ਮਜ਼ਾਕ ਦਾ ਪਾਤਰ ਬਣਾਏ ਜਾਂਦੇ ਸਾਡੇ ਭਾਈਚਾਰੇ ਨੂੰ ਕੁਝ ਠੀਕ ਰੂਪ 'ਚ ਦਿਖਾਉਣਾ ਸ਼ੁਰੂ ਕੀਤਾ ਗਿਆ ਹੈ। ਪਰ ਕੁਝ ਇਕ ਗੱਲਾਂ 'ਚ ਸਾਡੇ 'ਤੇ ਕਲੇਸ਼ੀ ਹੋਣ ਦੀ ਮੋਹਰ ਵੀ ਲੱਗ ਗਈ ਹੈ। ਹਰ ਫ਼ਿਲਮ ਬਣਾਉਣ ਵਾਲਾ ਸੋਚਦਾ ਹੈ ਕਿ ਪਤਾ ਨਹੀਂ ਕਦੋਂ ਇਹ ਕੌਮ ਨੰਗੀਆਂ ਤਲਵਾਰਾਂ ਲਹਿਰਾਉਣ ਲੱਗ ਜਾਵੇ। ਇਹਨਾਂ ਗੱਲਾਂ ਨੂੰ ਮੱਦੇ-ਨਜ਼ਰ ਰੱਖਦਿਆਂ ਕੋਈ ਬੰਦਾ ਨਹੀਂ ਚਾਹੁੰਦਾ ਕਿ ਬਿਨਾਂ ਕਿਸੇ ਗੱਲ ਦੇ ਕੋਈ ਵਿਵਾਦ ਸਹੇੜਿਆ ਜਾਵੇ। ਸੋ ਰਾੜ੍ਹ ਨਾਲੋਂ ਵਾੜ ਚੰਗੀ ਦੇ ਫ਼ਾਰਮੂਲੇ ਤੇ ਕੰਮ ਕਰਦਿਆਂ ਇਹਨਾਂ ਨੇ ਸਾਨੂੰ ਅੱਜ ਦੇ ਸਮਾਜ ਚੋਂ ਮਨਫ਼ੀ ਕਰ ਕੇ ਦੇਖਣਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ 'ਚ ਕੋਈ ਦੁਚਿੱਤੀ ਨਹੀਂ ਹੋਣੀ ਚਾਹੀਦੀ ਕਿ ਜਦੋਂ ਅੱਜ ਅਸੀਂ ਸਮਾਜ ਚੋਂ ਮਨਫ਼ੀ ਹੋ ਗਏ ਤਾਂ ਇਤਿਹਾਸ 'ਚ ਸਾਡਾ ਜ਼ਿਕਰ ਕਿਵੇਂ ਆਵੇਗਾ।

ਹੁਣ ਚਿੰਤਨ ਕਰਨ ਦੀ ਗੱਲ ਇਹ ਆਉਂਦੀ ਹੈ ਕਿ ਗ਼ਲਤੀ ਕਿਥੇ ਹੋ ਰਹੀ ਹੈ! ਇਸ ਮੁੱਦੇ ਤੇ ਮੈਂ ਬਹੁਤ ਸਾਰੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਹਰ ਬੰਦਾ ਆਪਣਾ ਪੱਖ ਨਵੇਂ ਰੂਪ 'ਚ ਲੈ ਕੇ ਆਉਂਦਾ ਹੈ। ਪਰ ਜਿਹੜੀ ਇਕ ਸਾਂਝੀ ਗੱਲ ਇਹਨਾਂ ਸਾਰਿਆਂ ਦੇ ਵਿਚਾਰਾਂ 'ਚ ਦੇਖਣ ਨੂੰ ਮਿਲੀ ਉਹ ਇਹ ਹੈ ਕਿ ਹਰ ਕੋਈ ਚਿੰਤਨ ਕਰ ਰਿਹਾ ਹੈ ਕਿ ਅਸੀਂ ਕਿਸੇ ਵੱਡੀ ਸਾਜਿਸ਼ ਦਾ ਸ਼ਿਕਾਰ ਹੋ ਰਹੇ ਹਾਂ। ਕੱਲ੍ਹ ਦੀ ਹੀ ਗੱਲ ਹੈਂ ਮੈਂ ਨੌਜਵਾਨ ਸ਼ਾਇਰ ਦਵਿੰਦਰ ਸਿੰਘ ਧਾਲੀਵਾਲ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕਹਿੰਦਾ ਬਾਈ ਤੂੰ ਬਹੁਤ ਢੀਠ ਬੰਦਾ ਹੈਂ, ਸਾਰਾ ਦਿਨ ਹਵਾ 'ਚ ਵਾਰ ਕਰੀ ਜਾਂਦਾ ਰਹਿਦੈਂ । ਚੰਗਾ ਭਲਾ ਤੈਨੂੰ ਪਤਾ ਕਿ ਸਾਰੇ ਦਾ ਸਾਰਾ ਸਿਸਟਮ ਸਿੱਖੀ ਨੂੰ ਮਿੱਠਾ ਜ਼ਹਿਰ ਦੇ ਕੇ ਖ਼ਤਮ ਕਰਨ 'ਚ ਲੱਗਿਆ ਪਿਆ ਹੈ। ਬਾਈ ਤੂੰ ਫੇਰ ਵੀ ਆਸ ਦੀ ਕਿਰਨ ਭਾਲੀ ਜਾਂਦਾ!

ਦਵਿੰਦਰ ਦੀ ਗੱਲ 'ਚ ਇਕ ਬਹੁਤ ਵੱਡੀ ਸਚਾਈ ਦਿਖਾਈ ਦੇ ਰਹੀ ਹੈ। ਜਿੱਥੇ ਮੇਰੇ ਜਿਹੇ ਸਿੱਖੀ ਸਰੂਪ ਤੋਂ ਮੁਨਕਰ ਹੋ ਕੇ ਸਿੱਖੀ ਨੂੰ ਢਾਹ ਲਾ ਰਹੇ ਹਨ, ਉਥੇ ਧਰਮ ਦੇ ਠੇਕੇਦਾਰ ਵੀ ਕੋਈ ਘੱਟ ਨਹੀਂ ਗੁਜ਼ਾਰ ਰਹੇ। ਨਰਮ ਖਿਆਲੀਆਂ ਦਾ ਇਸ ਕਲਯੁੱਗ 'ਚ ਕੁਝ ਵੱਟਿਆ ਨਹੀਂ ਜਾ ਰਿਹਾ ਤੇ ਗਰਮ ਖ਼ਿਆਲੀਏ ਜੋਸ਼ 'ਚ ਹੋਸ਼ ਗਵਾ ਕੇ ਕੰਮ ਕਰ ਰਹੇ ਹਨ। ਜਿਹੜੀ ਸਿੱਖੀ ਦਾ ਸਭ ਤੋਂ ਪਹਿਲਾ ਫ਼ਲਸਫ਼ਾ ਹੀ ਬਾਬਾ ਨਾਨਕ ਜੀ ਨੇ ਨਿਮਰਤਾ ਦਾ ਦਿੱਤਾ, ਉਸ ਤੋਂ ਕੋਹਾਂ ਦੂਰ ਹੈ ਸਾਡੀ ਕੌਮ। ਮੁੱਕਦੀ ਗੱਲ ਹੈ ਜੀ ਕਿ ਪਤਾ ਪਤਾ ਸਿੰਘਾਂ ਦਾ ਵੈਰੀ ਵਾਲੀ ਗੱਲ ਸੋਲ੍ਹਾਂ ਆਨੇ ਸੱਚ ਸਾਬਤ ਹੋ ਰਹੀ ਹੈ। ਚਲੋ ਆਓ ਇਹਨਾਂ ਵਿਚੋਂ ਕੁਝ ਇਕ ਪੱਤਿਆਂ ਤੇ ਝਾਤ ਮਾਰਦੇ ਹਾਂ;

ਜਗਤ ਗੁਰੂ ਬਾਬਾ ਨਾਨਕ ਜੀ ਵੱਲੋਂ ਗੱਡੀ ਮੋੜ੍ਹੀ, ਦਸਮ ਗੁਰੂ ਸਾਹਿਬਾਨ ਦੇ ਆਉਂਦੇ ਆਉਂਦੇ ਇਕ ਬਹੁਤ ਹੀ ਸੰਘਣੀ ਛਾਂ ਵਾਲੇ ਦਰਖ਼ਤ ਦੇ ਰੂਪ 'ਚ ਦੁਨੀਆਂ 'ਚ ਉਜਾਗਰ ਹੋਈ। ਇਸ ਮਹਾਨ ਦਰਖ਼ਤ ਨੇ ਪਤਾ ਨਹੀਂ ਕਿੰਨੇ ਲੋੜਵੰਦਾਂ, ਮਜ਼ਲੂਮਾਂ ਨੂੰ ਪਨਾਹ ਦਿੱਤੀ। ਪਰ ਵਕਤ ਦੇ ਥਪੇੜੇ ਕਿਸੇ ਨਾ ਕਿਸੇ ਰੂਪ 'ਚ ਇਸ ਨੂੰ ਜੜ੍ਹੋਂ ਪੁੱਟਣ ਦੀ ਕੋਸ਼ਿਸ਼ 'ਚ ਲੱਗੇ ਰਹੇ। ਜਦੋਂ ਮਸੰਦਾਂ ਤੋਂ ਖਹਿੜਾ ਛੁਡਵਾਇਆ ਸੀ ਤਾਂ ਲਗਦਾ ਸੀ ਕਿ ਇਸ ਸਬਕ ਤੋਂ ਸਾਡੀ ਕੌਮ ਬਹੁਤ ਕੁਝ ਸਿੱਖਿਆ ਹੈ ਤੇ ਮੁੜ ਕੇ ਕਦੇ ਵੀ ਇਹੋ ਜਿਹੀ ਸਥਿਤੀ ਇਸ ਕੌਮ 'ਤੇ ਨਹੀਂ ਆਵੇਗੀ। ਪਰ ਵਕਤ ਬੜੀ ਜ਼ਾਲਮ ਸ਼ੈਅ ਦਾ ਨਾਂ ਹੈ। ਮਸੰਦਾਂ ਨਾਲੋਂ ਵੱਧ ਕੇ ਡੇਰੇ ਅੱਜ ਸਾਡਾ ਮੂੰਹ ਚਿੜਾਉਂਦੇ ਹਨ। ਸਿੱਖੀ ਦਾ ਸਹਾਰਾ ਲੈ ਕੇ ਚਲੇ ਇਹ ਡੇਰੇ ਹੋਲੀ ਹੋਲੀ ਸਿੱਖੀ ਦੇ ਸ਼ਰੀਕ ਬਣ ਕੇ ਸਾਹਮਣੇ ਆ ਖੜ੍ਹੇ ਹੋਏ। ਜਦੋਂ ਗ਼ੈਰ ਪੰਥਕ ਸਰਕਾਰਾਂ ਆਉਂਦੀਆਂ ਹਨ ਤਾਂ ਉਨ੍ਹਾਂ 'ਤੇ ਡੇਰਾਵਾਦ ਫੈਲਾਉਣ ਦੇ ਦੋਸ਼ ਲਾਏ ਜਾਂਦੇ ਹਨ। ਜਦੋਂ ਪੰਥ ਦੇ ਵਾਲੀ ਵਾਰਿਸ ਕਹਾਉਣ ਵਾਲੇ ਤਾਕਤ 'ਚ ਆਉਂਦੇ ਹਨ ਤਾਂ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ। ਮੈਂ ਇਥੇ ਇਹ ਨਹੀਂ ਲਿਖਾਂਗਾ ਕਿ ''ਪਤਾ ਨਹੀਂ ਕਿਉਂ'', ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਸਿਸਟਮ ਕਿੱਦਾਂ ਕੰਮ ਕਰਦਾ ਹੈ। ਹਾਲੇ ਤੱਕ ਦੇ ਸਿੱਖ ਇਤਿਹਾਸ 'ਚ ਮੈਨੂੰ ਤਾਂ ਕਦੇ ਨਜ਼ਰ ਨਹੀਂ ਆਇਆ ਜਦੋਂ ਕਿ ਸਾਡਾ ਆਢਾ ਕਦੇ ਸਮੇਂ ਦੇ ਹਾਕਮਾਂ ਨਾਲ ਨਾ ਲੱਗਿਆ ਹੋਵੇ। ਹੁਣ ਤੱਕ ਦੇ ਸਾਰੇ ਇਤਿਹਾਸ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਜ ਨੂੰ ਛੱਡ ਕਦੇ ਇਹੋ ਜਿਹਾ ਵਕਤ ਦਿਖਾਈ ਨਹੀਂ ਦਿੱਤਾ ਜਦੋਂ ਸਾਡੇ ਹਾਕਮਾਂ ਖ਼ਿਲਾਫ਼ ਮੋਰਚੇ ਨਾ ਲੱਗੇ ਹੋਣ।

ਅਗਲੇ ਕਾਰਨ ਤੇ ਆ ਜਾਓ; ਸਾਨੂੰ ਸ਼ਬਦ ਗੁਰੂ ਦੇ ਵਾਰਿਸ ਬਣਾ ਕੇ ਗੁਰੂ ਸਾਹਿਬਾਨ ਨੇ ਅੱਗੇ ਜ਼ਿੰਦਗੀ ਜਿਉਣ ਦਾ ਰਾਹ ਦਿਖਾ ਕੇ, ਇਕ ਵੱਖਰੀ ਪਛਾਣ ਦੇ ਕੇ, ਇਸ ਸਮਾਜ ਦਾ ਇਕ ਅੰਗ ਬਣਾ ਦਿੱਤਾ ਸੀ। ਉਸ ਤੋਂ ਬਾਅਦ ਦੀ ਜਿੰਮੇਵਾਰੀ ਆ ਗਈ ਸੀ, ਸਾਡੇ ਪ੍ਰਚਾਰਕਾਂ, ਬੁੱਧੀਜੀਵੀਆਂ ਅਤੇ ਹਾਕਮਾਂ ਦੀ। ਹਾਕਮਾਂ 'ਤੇ ਤਾਂ ਹੋਰ ਕੀ ਚਰਚਾ ਕਰਨੀ, ਉਹ ਪਹਿਲਾਂ ਵਾਲੀ ਕਾਫ਼ੀ ਹੈ। ਬੁੱਧੀਜੀਵੀਆਂ ਬਾਰੇ ਮੈਂ ਕੁਝ ਟਿੱਪਣੀ ਕਰ ਸਕਾਂ, ਇਸ ਲਈ ਮੇਰੇ ਕੋਲ ਏਨੀ ਬੁੱਧੀ ਨਹੀਂ ਹੈ ਅਤੇ ਕਿਸੇ ਵੀ ਪੱਖੋਂ ਖ਼ੁਦ ਪੂਰਾ ਨਹੀਂ ਕਿ ਕਿਸੇ ਨੂੰ ਅਧੂਰਾ ਕਹਿ ਸਕਾਂ। ਬੱਸ ਇਕ ਗੱਲ ਸਾਂਝੀ ਕਰ ਸਕਦਾਂ ਮਤਲਬ ਤੁਸੀ ਆਪ ਕੱਢ ਲਿਓ।

ਜਗਤ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਕ ਫ਼ਲਸਫ਼ਾ ਦਿਤਾ ਸੀ, ਉਹ ਸੀ ਗੋਸ਼ਟੀ, ਜੋ ਉਨ੍ਹਾਂ ਨੇ ਸਿੱਧਾਂ ਨਾਲ ਬਹੁਤ ਹੀ ਛੋਟੀ ਉਮਰੇ ਕੀਤੀ। ਇਥੇ ਮੈਂ ਇਕ ਗੱਲ ਇਹ ਸਾਂਝੀ ਕਰਨੀ ਚਾਹਾਂਗਾ ਕਿ ਸਿੱਖ ਧਰਮ ਦੇ ਸਿਰਜਣਹਾਰ ਨੇ ਕੋਈ ਵੀ ਇਹੋ ਜਿਹੀ ਉਦਾਹਰਨ ਨਹੀਂ ਦਿੱਤੀ, ਜੋ ਸਿਰਫ਼ ਕਿਤਾਬੀ ਹੋਵੇ । ਉਨ੍ਹਾਂ ਹਰ ਚੀਜ਼ ਨੂੰ ਅਮਲੀ ਕਰ ਕੇ ਦਿਖਾਇਆ, ਉਸੇ 'ਚੋਂ ਇਕ ਗੋਸ਼ਟੀ ਹੈ। ਅੱਜ ਸਾਰਾ ਸੰਸਾਰ ਮੰਨਦਾ ਹੈ ਕਿ ਵਾਰਤਾ ਬਿਨਾਂ ਕਿਸੇ ਵੀ ਮਸਲੇ ਦਾ ਹੱਲ ਕੱਢਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸਾਡੇ 'ਤੇ ਅੱਜ ਇਹ ਦੋਸ਼ ਲੱਗਦਾ ਹੈ ਕਿ ਅਸੀਂ ਵਾਰਤਾ ਦੀ ਥਾਂ ਡਾਂਗਾਂ ਕੱਢਣ 'ਚ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਇਥੇ ਸਵਾਲ ਇਹ ਪੈਦਾ ਹੁੰਦਾ ਕਿ ਡਾਂਗਾਂ ਬੁੱਧੀਜੀਵੀ ਤਾਂ ਕੱਢਦੇ ਨਹੀਂ, ਇਹ ਤਾਂ ਆਮ ਆਦਮੀ ਦੇ ਹਿੱਸੇ ਆਉਂਦੀਆਂ ਹਨ। ਆਮ ਆਦਮੀ ਕਦੋਂ ਮੋਰਚੇ ਲਾਉਂਦਾ૴ ਜਦੋਂ ਕੋਈ ਵਾਰਤਾ ਨਾ ਕਰੇ। ਸੋ ਅਸਲੀ ਸਵਾਲ ਇਹ ਹੈ ਕਿ ਬੁੱਧੀਜੀਵੀ ਵਾਰਤਾ ਕਿਉਂ ਨਹੀਂ ਕਰਦੇ ?

ਜਦੋਂ ਤੋਂ ਅਸੀਂ ਸ਼ਬਦ ਗੁਰੂ ਦੇ ਵਾਰਿਸ ਬਣੇ ਹਾਂ, ਉਦੋਂ ਤੋਂ ਬਹੁਤ ਸਾਰੇ ਮਸਲੇ ਸਾਡੇ ਕੋਲ ਅਣਸੁਲਝੇ ਪਏ ਹਨ। ਪਿਛਲੇ ਤਿੰਨ-ਚਾਰ ਸੌ ਸਾਲਾਂ 'ਚ ਸਾਡੀ ਕੌਮ 'ਚ ਬਹੁਤ ਸਾਰੇ ਬੁੱਧੀਜੀਵੀ ਪੈਦਾ ਹੋਏ ਪਰ ਕੋਈ ਸਿਰੇ ਲਾਉਣ ਵਾਲੀ ਵਾਰਤਾ ਕਿਤੇ ਨਹੀਂ ਹੋਈ, ਜੋ ਇਹਨਾਂ ਮਸਲਿਆਂ ਦਾ ਸਾਰਥਿਕ ਹੱਲ ਕੱਢ ਸਕਦੀ। ਮਸਲੇ ਤਾਂ ਅਣਗਿਣਤ ਹਨ ਪਰ ਇਥੇ ਉਦਾਹਰਨ ਦੇ ਤੌਰ ਤੇ ਦਸਮ ਗ੍ਰੰਥ ਜਿਹੇ ਅਹਿਮ ਮਸਲੇ ਤੇ ਗੱਲ ਕਰਦੇ ਹਾਂ। ਮੇਰੇ ਸਮੇਤ ਬਹੁਤ ਸਾਰੇ ਲੋਕਾਂ ਲਈ ਇਹ ਮਸਲਾ ਭੰਬਲਭੂਸਾ ਬਣਿਆ ਹੋਇਆ ਹੈ। ਸਾਡੇ 'ਚ ਏਨੀ ਤਾਂ ਬੁੱਧੀ ਅਤੇ ਸ਼ਕਤੀ ਹੈ ਨਹੀਂ ਕਿ ਅਸੀਂ ਖ਼ੁਦ ਇਸ ਗ੍ਰੰਥ ਤੇ ਘੋਖ ਵਿਚਾਰ ਕਰ ਸਕੀਏ। ਅਸੀਂ ਤਾਂ ਆਪਣੇ ਬੁੱਧੀਜੀਵੀਆਂ ਦੇ ਮੋਹਤਾਜ ਹਾਂ। ਜਦੋਂ ਅਸੀਂ ਕਦੇ ਦਸਮ ਗ੍ਰੰਥੀਆਂ ਦੀ ਗੱਲ ਸੁਣ ਲੈਂਦੇ ਹਾਂ ਤਾਂ ਉਹ ਸੱਚੇ ਲਗਦੇ ਹਨ, ਤੇ ਜਦੋਂ ਦਸਮ ਗ੍ਰੰਥ ਦੇ ਵਿਰੋਧੀਆਂ ਦੇ ਵਿਚਾਰ ਸੁਣ ਲੈਂਦੇ ਹਾਂ ਤਾਂ ਉਹ ਠੀਕ ਲਗਦੇ ਹਨ। ਭਾਈ ਕਾਹਨ ਸਿੰਘ ਨਾਭਾ ਨੇ ਕਈ ਵਾਰ ਭਾਸ਼ਾ ਦੇ ਮਾਮਲੇ 'ਚ ਆਪਣੇ ਗ੍ਰੰਥ ''ਮਹਾਨਕੋਸ਼'' ਨਾਲ ਦੁਚਿੱਤੀ ਚੋਂ ਕੱਢਿਆ, ਪਰ ਜਦੋਂ ਦਸਮ ਗ੍ਰੰਥ ਦੇ ਮਾਮਲੇ 'ਚ ਉਨ੍ਹਾਂ ਕੋਲ ਜਾਈਦੈ ਤਾਂ ਉਥੇ ਵੀ ਸਥਿਤੀ ਸਪੱਸ਼ਟ ਨਹੀਂ ਹੁੰਦੀ। ਇਸ ਲਈ ਵੇਲੇ-ਵੇਲੇ ਸਿਰ ਬਹੁਤ ਸਾਰੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਤਸੱਲੀ ਨਹੀਂ ਹੋਈ।

ਇਸ ਬਾਰ ਸੰਯੋਗਵੱਸ ਦੋਹਾਂ ਧਿਰਾਂ ਦੇ ਲੋਕ ਐਡੀਲੇਡ ਵਿੱਚ ਆਏ। ਜਿਨ੍ਹਾਂ ਵਿਚੋਂ ਡਾਕਟਰ ਹਰਪਾਲ ਸਿੰਘ ਪੰਨੂੰ ਜੋ ਕਿ ਦਸਮ ਗ੍ਰੰਥ ਬਾਰੇ ਕਾਫ਼ੀ ਰਿਸਰਚ ਕਰ ਚੁੱਕੇ ਹਨ ਤੇ ਉਧਰ ਨੌਜਵਾਨ ਪ੍ਰਚਾਰਕ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ।ਪੰਨੂੰ ਸਾਹਿਬ ਕੋਲ ਮੈਂ ਇਹ ਗੱਲ ਰੱਖੀ ਕਿ ਆਮ ਇਨਸਾਨ ਜੋ ਦੋਚਿੱਤੀ ਦੀ ਜ਼ਿੰਦਗੀ ਜਿਉਂ ਰਿਹਾ ਹੈ, ਉਸ ਦਾ ਹੱਲ ਬੁੱਧੀਜੀਵੀ ਵਰਗ ਕਿਉਂ ਨਹੀ ਕੱਢ ਰਿਹਾ ? ਮੈਂ ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਭਾਵੇਂ ਦੋ-ਤਿੰਨ ਸਾਲ ਦਾ ਵਕਤ ਲੈ ਲਵੋ ਅਤੇ ਇਕ ਉੱਚ ਪੱਧਰੀ ਵਫ਼ਦ ਬਣਾ ਕੇ ਇਕ ਫ਼ੈਸਲਾ ਸੁਣਾ ਦਿਓ ਕਿ ਕੀ ਅਸੀਂ ਦਸਮ ਗ੍ਰੰਥ ਨੂੰ ਵੀ ਮੰਨਣਾ ਹੈ ਜਾਂ ਨਹੀਂ ? ਉਹ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਕਿ ਮੈਂ ਹਾਲੇ ਤੱਕ ਇਹ ਭਰਮ ਨਹੀਂ ਪਾਲਿਆ ਕਿ ਮੈਂ ਕੋਈ ਬੁੱਧੀਜੀਵੀ ਹਾਂ ਪਰ ਫੇਰ ਵੀ ਜਿਨ੍ਹਾਂ ਕੁ ਮੈਂ ਅਧਿਐਨ ਕੀਤਾ ਉਸ ਮੁਤਾਬਿਕ ਜੇ ਕੋਈ ਇਹੋ ਜਿਹੀ ਕਮੇਟੀ ਬਣਦੀ ਹੈ ਤਾਂ ਮੈਂ ਉਸ ਵਿਚ ਇਕ ਪੱਖ ਜ਼ਰੂਰ ਰੱਖ ਸਕਦਾ ਹਾਂ ਅਤੇ ਉਸਾਰੂ ਬਹਿਸ ਲਈ ਹਰ ਵਕਤ ਤਿਆਰ ਹਾਂ।

ਪ੍ਰੋਫੈਸਰ ਧੂੰਦਾ ਸਾਹਿਬ ਪਿੱਛੇ ਜਿਹੇ ਆਪਣੀਆਂ ਬੇਬਾਕ ਟਿੱਪਣੀਆਂ ਕਾਰਨ ਬੜੀ ਤੇਜ਼ੀ ਨਾਲ ਸੁਰਖ਼ੀਆਂ 'ਚ ਆਏ ਸਨ। ਪਰ ਅਫ਼ਸੋਸ ਪਤਾ ਨਹੀਂ ਕਿਸ ਦਬਾਅ ਹੇਠ ਇਹ ਨੌਜਵਾਨ ਬੁੱਧੀਜੀਵੀ ਵੀ ਆਪਣੇ ਆਪ ਨਾਲ ਸਮਝੌਤਾ ਕਰ ਗਿਆ। ਕਿਉਂਕਿ ਪਿਛਲੇ ਦਿਨੀਂ ਉਹ ਆਸਟ੍ਰੇਲੀਆ 'ਚ ਆਏ ਤੇ ਉਨ੍ਹਾਂ ਦੇ ਆਉਣ ਵੇਲੇ ਜੋ ਕੁਝ ਹੋਇਆ ਉਹ ਆਮ ਆਦਮੀ ਭਾਵੇਂ ਨਹੀਂ ਜਾਣਦਾ ਪਰ ਕੁਝ ਇਕ ਅੰਦਰੂਨੀ ਲੋਕਾਂ ਤੋਂ ਇਹ ਗੱਲ ਲੁਕੀ ਨਹੀਂ ਹੈ ਕਿ ਕਿੰਝ ਉਨ੍ਹਾਂ ਦੇ ਮੂੰਹ 'ਚ ਮੋਂਦਾ ਦੇ ਕੇ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਸੰਗਤਾਂ ਮੂਹਰੇ ਲਿਆਂਦਾ ਗਿਆ। ਜਿਨ੍ਹਾਂ ਆਸਾਂ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਸੁਣਨ ਗਏ ਸਨ, ਉਹ ਉਸ ਤੋਂ ਵਾਂਝੇ ਹੀ ਰਹੇ।

ਪਤਾ ਨਹੀਂ ਕਦੋਂ ਉਹ ਦਿਨ ਆਵੇਗਾ ਜਦੋਂ ਸਾਡੇ ਸਰਬ ਉੱਚ ਅਕਾਲ ਤਖਤ ਸਾਹਿਬ ਤੋਂ ਬਿਨਾਂ ਕਿਸੇ ਦਬਾਅ ਦੇ ਸਿੱਖ ਸੰਗਤ ਦੇ ਨਾਂ ਤੇ ਇਕ ਫ਼ਰਮਾਨ ਜਾਰੀ ਹੋਵੇਗਾ! ਜਿਸ ਵਿਚ ਸਾਡੀ ਦੁਚਿੱਤੀ ਦਾ ਹੱਲ ਹੋਵੇਗਾ। ਕੌਮ ਦੇ ਨਾਂ ਇਸ ਹੁਕਮ 'ਚ ਜਾਂ ਤਾਂ ਦਸਮ ਪਿਤਾ ਜੀ ਦੇ ਹੁਕਮ ਗੁਰੂ ਮਾਨਿਓ ਗ੍ਰੰਥ ਨੂੰ ਪ੍ਰੋੜ੍ਹਤਾ ਮਿਲੇ ਜਾਂ ਫੇਰ ਇਹ ਹੁਕਮ ਹੋਵੇ ਕਿ ਆਤਮਿਕ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਵਿਹਾਰਕ ਲਈ ਦਸਮ ਗ੍ਰੰਥ ਦੀ ਮੰਨੋਂ ਜੀ। ਇਸ ਅਸੰਭਵ ਜਿਹੇ ਫ਼ੈਸਲੇ ਦੀ ਉਡੀਕ 'ਚ ਪਤਾ ਨਹੀਂ ਕਦੋਂ ਤੱਕ ਪਿਸਦਾ ਰਹੇਗਾ ਆਮ ਸਿੱਖ! ਬਾਕੀ ਆਮ ਸਿੱਖ ਕਿਹੜਾ ਘੱਟ ਹੈ ਸਮੇਂ-ਸਮੇਂ ਸਿਰ ਹੋਏ ਸਿੱਖ ਬੁੱਧੀਜੀਵੀਆਂ ਨੂੰ ਅਸੀਂ ਕਿਹੜਾ ਬਖ਼ਸ਼ਿਆ ? ਭਾਵੇਂ ਉਹ ਮਾਸਟਰ ਤਾਰਾ ਸਿੰਘ ਹੋਵੇ, ਭਾਵੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਣ। ਇਲਜ਼ਾਮ ਲਾਉਂਦਿਆਂ ਵੀ ਸਾਨੂੰ ਤਾਂ ਸ਼ਰਮ ਨਹੀਂ ਆਉਂਦੀ ਕਿ ਸਾਡੇ ਬੁੱਧੀਜੀਵੀ ਰਸਗੁੱਲਿਆਂ ਤੇ ਡੁੱਲ੍ਹ ਗਏ।

ਹੁਣ ਗੱਲ ਕਰਦੇ ਹਾਂ ਪ੍ਰਚਾਰਕਾਂ ਦੀ। ਪ੍ਰਚਾਰਕ ਕਿਸੇ ਵੀ ਧਰਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਸਿੱਖ ਧਰਮ 'ਚ ਵੀ ਕਾਫ਼ੀ ਵੱਡੇ ਨਾਂ ਪ੍ਰਚਾਰਕਾਂ ਦੇ ਰੂਪ 'ਚ ਹੋਏ ਹਨ। ਪਰ ਤ੍ਰਾਸਦੀ ਇਹ ਰਹੀ ਹੈ ਕਿ ਕੁਝ ਇਕ ਪ੍ਰਚਾਰਕਾਂ ਦਾ ਜਦੋਂ ਸੰਗਤਾਂ ਵਿਚ ਬੋਲਬਾਲਾ ਹੋ ਗਿਆ ਤਾਂ ਉਹ ਆਪਣੀਆਂ ਵੱਖਰੀਆਂ ਦੁਕਾਨਾਂ ਖੋਲ੍ਹ ਕੇ ਬਹਿ ਗਏ। ਕਈਆਂ ਨੇ ਪ੍ਰਚਾਰ ਬਾਅਦ 'ਚ ਸ਼ੁਰੂ ਕੀਤਾ ਤੇ ਸੰਤ ਦੀ ਉਪਾਧੀ ਪਹਿਲਾਂ ਆਪੇ ਹੀ ਲੈ ਲਈ। ਹਾਂ ਇਕ ਸੱਚਮੁੱਚ ਦੇ ਸੰਤ ਯਾਨੀ ਕਿ ਸੰਤ ਸਿੰਘ ਮਸਕੀਨ ਵੀ ਪਿਛਲੇ ਦੌਰ 'ਚ ਆਏ। ਪਰ ਸਾਡੀ ਕੌਮ ਦੀ ਤ੍ਰਾਸਦੀ ਕਿ ਉਹ ਜਦੋਂ ਕੁਝ ਕੌਮ ਨੂੰ ਦੇਣ ਜੋਗੇ ਹੋਏ ਤਾਂ ਇਸ ਜਹਾਨ ਤੋਂ ਤੁਰ ਗਏ। ਸਾਡੇ ਸਿੱਖੀ ਦੇ ਮੁੱਖ ਅਦਾਰੇ ਦੀ ਸੁਣ ਲਵੋ, ਮਸਕੀਨ ਸਾਹਿਬ ਦੇ ਜਿਉਂਦੇ ਜੀਅ ਕੋਈ ਉਪਰਾਲਾ ਨਹੀਂ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਦੱਸ ਰਹੇ ਹਨ ਕਿ ਉਹ ਇਕੋ-ਇਕ ਪ੍ਰਚਾਰਕ ਸਨ, ਜੋ ਕਦੇ ਦਰਬਾਰ ਸਾਹਿਬ ਕਥਾ ਕਰਨ ਦੇ ਪੈਸੇ ਨਹੀਂ ਸਨ ਲੈਂਦੇ। ਉਹ ਤਾਂ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਇਕ ਪੰਜਾਬੀ ਚੈਨਲ ਦਾ ਜਿਨ੍ਹਾਂ ਉਨ੍ਹਾਂ ਨੂੰ ਘਰ ਘਰ ਪਹੁੰਚਾ ਦਿਤਾ। ਇਸ ਗੱਲ ਦਾ ਸੱਦਾ ਹੀ ਮਲਾਲ ਰਹੇਗਾ ਕਿ ਮਸਕੀਨ ਜੀ ਜਿਹਾ ਪ੍ਰਚਾਰਕ ਆਪਣੇ ਸਿਖਰ ਦੇ ਵਕਤ ਸਾਨੂੰ ਛੱਡ ਗਿਆ। ਪ੍ਰਚਾਰ ਦੇ ਖੇਤਰ ਵਿਚ ਕੁਝ ਹੋਰ ਵੀ ਆਸ ਦੀਆਂ ਕਿਰਨਾਂ ਚਮਕ ਰਹੀਆਂ ਹਨ ਪਰ ਜਦੋਂ ਪਾਰ ਲੱਗੀਆਂ ਉਦੋਂ ਜਾਣਗੇ।

ਪ੍ਰਚਾਰਕਾਂ ਤੋਂ ਬਾਅਦ ਗੱਲ ਆਉਂਦੀ ਹੈ ਗ੍ਰੰਥੀ ਸਿੰਘਾਂ ਦੀ ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੋਂ ਬਿਨਾਂ ਮੁੱਢਲਾ ਪ੍ਰਚਾਰ ਵੀ ਸਾਂਭਦੇ ਹਨ। ਪਰ ਇਥੇ ਵੀ ਹੈਰਾਨੀਜਨਕ ਗੱਲਾਂ ਸਾਹਮਣੇ ਆਉਂਦੀਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕਾਂ ਉਤੇ ਅਕਸਰ ਹੀ ਇਹ ਦੋਸ਼ ਲੱਗਦੇ ਹੁੰਦੇ ਹਨ ਕਿ ਉਹ ਗ੍ਰੰਥੀ ਸਿੰਘ ਨੂੰ ਇਹੋ ਜਿਹਾ ਅਹਿਸਾਸ ਕਰਵਾਉਂਦੇ ਹਨ ਕਿ ਗ੍ਰੰਥੀ ਸਿੰਘ ਆਪਣੇ ਆਪ ਨੂੰ ਇਕ ਸੇਵਾਦਾਰ ਨਾ ਸਮਝ ਕੇ ਇਕ ਬੰਧੂਆ ਮਜ਼ਦੂਰ ਸਮਝਣ ਲੱਗ ਪੈਂਦੇ ਹਨ। ਇਕ ਗ੍ਰੰਥੀ ਸਿੰਘ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਸਾਡੇ ਉਤੇ ਹਰ ਵਕਤ ਤਲਵਾਰ ਲਟਕਦੀ ਰਹਿੰਦੀ ਹੈ ਕਿ ਜੇ ਅਸੀਂ ਪ੍ਰਬੰਧਕਾਂ ਦੇ ਸਤਿਕਾਰ 'ਚ ਥੋੜ੍ਹੀ ਬਹੁਤ ਵੀ ਢਿੱਲ ਕਰ ਗਏ ਤਾਂ ਸਾਡਾ ਦੇਸ਼ ਨਿਕਾਲਾ ਹੋਇਆ ਸਮਝਿਓ। ਉਨ੍ਹਾਂ ਦੇ ਕਹਿਣ ਮੁਤਾਬਿਕ ਕਿ ਸਾਨੂੰ ਦੇਸ਼ ਨਿਕਾਲੇ ਦਾ ਵੀ ਕੋਈ ਡਰ ਨਹੀਂ ਪਰ ਜੋ ਦੋਸ਼ ਲਾ ਕੇ ਤੇ ਜ਼ਲੀਲ ਕਰ ਕੇ ਸਾਨੂੰ ਕੱਢਿਆ ਜਾਂਦਾ ਹੈ, ਉਹ ਸਾਡੇ ਭਵਿੱਖ ਨੂੰ ਹੀ ਖ਼ਤਮ ਕਰ ਦਿੰਦਾ ਹੈ। ਇਹਨਾਂ ਆਮ ਹੀ ਲਗਾਏ ਜਾਣ ਵਾਲੇ ਦੋਸ਼ਾਂ ਚੋਂ ਗੋਲਕ ਚੋਰੀ, ਮੈਲੀ ਅੱਖ ਅਤੇ ਮਾੜਾ ਚਰਿੱਤਰ ਸਭ ਤੋਂ ਪਹਿਲਾਂ ਲੱਗਦੇ ਹਨ। ਹੁਣ ਤੁਸੀਂ ਦੱਸੋ ਕਿ ਇਸ ਸਥਿਤੀ 'ਚ ਜਿਉਣ ਵਾਲਾ ਆਪਣੀ ਕੌਮ ਦਾ ਕੀ ਸਵਾਰ ਲਵੇਗਾ।

ਲਓ ਜੀ! ਇਸ ਨਿਘਾਰ ਦੀ ਅਗਲੀ ਕੜੀ ਦੀ ਗੱਲ ਕਰ ਲਈਏ, ਜੋ ਕਿ ਸਭ ਤੋਂ ਮਹੱਤਵਪੂਰਨ ਹੈ। ਉਹ ਹੈ ਮਾਪੇ! ਜਿਨ੍ਹਾਂ ਨੂੰ ਜੁਆਕ ਦੇ ਪਹਿਲੇ ਗੁਰੂ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ। ਇਥੇ ਮੈਂ ਇਹ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸੰਸਾਰ 'ਚ ਕੋਈ ਵੀ ਇਹੋ ਜਿਹਾ ਮਾਂ-ਬਾਪ ਨਹੀਂ ਹੋਵੇਗਾ ਜੋ ਆਪਣੇ ਬੱਚਿਆਂ ਨੂੰ ਕੋਈ ਬੁਰੀ ਆਦਤ ਸਿਖਾਉਣ ਦੀ ਕੋਸ਼ਿਸ਼ ਕਰੇਗਾ। ਹਾਂ ਅਣਜਾਣਪੁਣੇ 'ਚ ਬਹੁਤ ਕੁਝ ਹੋ ਰਿਹਾ ਹੈ। ਪਿਛਲੇ ਦਿਨੀਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਮਨਾਉਣ ਵੇਲੇ ਵੀ ਇਹ ਸਵਾਲ ਮੈਂ ਮਾਪਿਆਂ ਨੂੰ ਕੀਤਾ ਸੀ ਕਿ ਜੇ ਅੱਜ ਅਸੀਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ ਤਾਂ ਉਹ ਦੇ ਪਿੱਛੇ ਹਵਲਦਾਰ ਈਸ਼ਰ ਸਿੰਘ ਹੋਰਾਂ ਦਾ ਪਾਲਣ ਪੋਸ਼ਣ ਕੰਮ ਕਰਦਾ ਹੈ। ਉਨ੍ਹਾਂ ਨੂੰ ਬਚਪਨ 'ਚ ਸਾਡੇ ਮਹਾਨ ਸ਼ਹੀਦਾਂ ਦੀਆਂ ਜੀਵਨੀਆਂ ਉਨ੍ਹਾਂ ਦੇ ਮਾਪਿਆਂ ਨੇ ਸੁਣਾਈਆਂ ਸਨ ਕਿ ਕਿਵੇਂ ਭਾਈ ਮਨੀ ਸਿੰਘ ਬੰਦ-ਬੰਦ ਕਟਵਾਉਣ ਵੇਲੇ ਅਡੋਲ ਰਹੇ, ਕਿਵੇਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਿਹ ਕੀਤੀ, ਕਿਵੇਂ ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਨੇ ਦੁਸ਼ਮਣਾਂ ਦੀਆਂ ਭਾਜੜਾਂ ਪੁਆਈਆਂ। ਪਰ ਅੱਜ ਦੇ ਮਾਪੇ ਬੱਚੇ ਨੂੰ ਟੀ.ਵੀ. ਤੇ ਸ਼ਕਤੀਮਾਨ, ਬੈਟਮੈਨ ਤੇ ਜਾਂ ਫੇਰ ਸਪਾਈਡਰਮੈਨ ਦੇ ਸ਼ੋਅ ਲਾ ਕੇ ਬੱਚਿਆਂ ਨੂੰ ਸਾਂਭ ਦਿੰਦੇ ਹਨ। ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਸਾਡੀ ਕੌਮ ਕੋਲ ਅਸਲੀ ਹੀਰੋ ਮੌਜੂਦ ਹਨ ਤਾਂ ਨਕਲੀ ਦੇ ਸ਼ਕਤੀਮਾਨ ਦਿਖਾ ਕੇ ਅਸੀਂ ਕਿਹੜੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ।

''ਜਿਸ ਘਰ ਦੇ ਸਿਆਣੇ ਆਪਸ ਵਿਚ ਇਕਸੁਰ ਨਹੀਂ, ਉਸ ਘਰ ਦੇ ਨਿਆਣਿਆਂ ਤੋਂ ਕਿਵੇਂ ਅਲਾਪ ਲਾਉਣ ਦੀ ਆਸ ਕੀਤੀ ਜਾ ਸਕਦੀ ਹੈ''! ਸੋ ਇਹੀ ਫ਼ਾਰਮੂਲਾ ਇਥੇ ਕੰਮ ਕਰ ਰਿਹਾ ਹੈ। ਸਾਡੇ ਨੌਜਵਾਨਾਂ ਨੂੰ ਜਦੋਂ ਅਸੀਂ ਕੁਝ ਸਪੱਸ਼ਟ ਨਹੀਂ ਕਰ ਰਹੇ ਤਾਂ ਉਹ ਆਪਣੇ ਰਾਹ ਆਪ ਚੁਣਦੇ ਹਨ। ਆਪੇ ਚੁਣੇ ਰਾਹ 'ਚ ਭਾਈ ਮਨੀ ਸਿੰਘ ਵਾਲਾ ਜਜ਼ਬਾ ਆਉਣਾ ਖਾਲਾ ਜੀ ਦਾ ਵਾੜਾ ਨਹੀਂ। ਬਾਕੀ ਚੜ੍ਹਦੀ ਉਮਰੇ ਤਾਂ ਵਾਹਿਗੁਰੂ-ਵਾਹਿਗੁਰੂ ਦੀ ਥਾਂ ਯੋ-ਯੋ ਹੀ ਮਨ ਭਾਉਂਦਾ ਹੈ। ਮੈਂ ਇਥੇ ਕਿਸੇ ਵਿਸ਼ੇਸ਼ ਕਲਾਕਾਰ ਦੀ ਗੱਲ ਨਹੀਂ ਕਰ ਰਿਹਾ ਅੱਜਕੱਲ੍ਹ ਇਕ ਨਹੀਂ ਬਹੁਤ ਸਾਰੇ ਕਲਾਕਾਰ ਸਿਰਫ਼ ਪੈਸੇ ਤੇ ਸ਼ੋਹਰਤ ਲਈ ਸਾਡੀ ਜਵਾਨੀ ਨੂੰ ਸਾਡੇ ਅਮੀਰ ਵਿਰਸੇ ਤੋਂ ਦੂਰ ਕਰਨ ਦੀ ਭੂਮਿਕਾ ਨਿਭਾ ਰਹੇ ਹਨ। ਸਾਨੂੰ ਅੱਜ ਚਟਪਟੀਆਂ ਅਤੇ ਮਸਾਲੇਦਾਰ ਗੱਲਾਂ ਚੰਗੀਆਂ ਲਗਦੀਆਂ ਹਨ। ਸੋ ਇਸੇ ਫ਼ਿਤਰਤ ਦਾ ਲਾਹਾ ਮੈਂ ਇਸ ਲੇਖ ਦਾ ਸਿਰਲੇਖ ਦੇਣ 'ਚ ਲੈ ਗਿਆ ਕਿ ਚਲੋ ਇਹੋ ਜਿਹੇ ਚਟਪਟੇ ਸਿਰਲੇਖ ਦੇ ਬਹਾਨੇ ਇਸ ਬਹੁਤ ਹੀ ਸੰਜੀਦਾ ਮੁੱਦੇ ਨੂੰ ਲੋਕ ਪੜ੍ਹ ਤਾਂ ਲੈਣਗੇ।

ਹੁਣ ਜੇ ਮੈਂ ਆਪਣੀ ਨਿੱਜੀ ਰਾਇ ਦੀ ਗੱਲ ਕਰਾਂ ਤਾਂ ਇਕ ਹੀ ਗੱਲ ਕਹਿ ਸਕਦਾ ਹਾਂ ਕਿ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ "ਨੂੰ" ਮੰਨਣ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ "ਦੀ" ਮੰਨਣ ਲੱਗ ਜਾਵਾਂਗੇ, ਓਦੋਂ ਹਰ ਸਵਾਲ ਦਾ ਜਵਾਬ ਸਾਨੂੰ ਮਿਲ ਜਾਣਾ ਹੈ। ਪਰ ਇਹ ਅਧਿਐਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਸੋ ਆਓ ਅੱਜ ਤੋਂ ਇਕ ਪ੍ਰਣ ਕਰੀਏ ਕਿ ਅਸੀਂ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਅੰਗ ਦੇ ਅਰਥ ਖ਼ੁਦ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰੀਏ। ਸਿਰਫ਼ ਤਿੰਨ ਕੁ ਵਰ੍ਹਿਆਂ 'ਚ ਇਸ ਕਾਬਿਲ ਹੋ ਜਾਈਏ ਕਿ ਅਸੀਂ ਖ਼ੁਦ ਦੇ ਸਵਾਲ ਦਾ ਹੱਲ ਖ਼ੁਦ ਹੀ ਕੱਢ ਸਕੀਏ । ਬਾਕੀ ਜਿੰਨੀ ਕੁ ਮੱਤ ਸੀ ਉਨ੍ਹਾਂ ਕੁ ਲਿਖ ਦਿੱਤਾ ਜੀ, ਚੰਗਾ ਮਾੜਾ ਲੱਗੇ ਮਾਫ਼ ਕਰਨਾ। ਅਖੀਰ ਗੁਰਬਾਣੀ ਦਾ ਇਹੀ ਫ਼ਰਮਾਨ ਚੇਤੇ ਆ ਰਿਹਾ ਕਿ;   ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
****

Wednesday, November 7, 2012

ਨਾ ਖੇਡਾਂ ਨਾ ਖੇਡਣ ਦੇਵਾਂ ਮੈਂ ਤਾਂ ਘੁੱਤੀ 'ਚ ਮੂ...


(ਇਸੇ ਤਰਜ਼ ਤੇ ਅਸਟਰੇਲੀਆਈ ਕਬੱਡੀ ਟੀਮ ਵਰਲਡ ਕੱਪ ਚੋਂ ਬਾਹਰ)

ਦੋਸਤੋ! ਲੇਖ ਦੇ ਸਿਰਲੇਖ ਲਈ ਮਾਫ਼ੀ ਚਾਹੁੰਦਾ ਹਾਂ। ਪਰ ਮਜਬੂਰ ਹਾਂ ਇਸ ਤੋਂ ਢੁਕਵਾਂ ਸਿਰਲੇਖ ਇਸ ਲੇਖ ਦਾ ਹੋ ਹੀ ਨਹੀਂ ਸਕਦਾ ਸੀ। ਸੋ ਲੇਖ ਪੜ੍ਹ ਕੇ ਜੇ ਕੁਝ ਗ਼ਲਤ ਲੱਗੇ ਤਾਂ ਜੋ ਮਰਜ਼ੀ ਸਜਾ ਦੇਣਾ ਜੀ ਕਬੂਲ ਹੋਵੇਗੀ। ਹੁਣੇ ਹੀ ਇਕ ਖ਼ਬਰ ਮਿਲੀ ਹੈ ਕਿ ਆਸਟ੍ਰੇਲੀਆ ਨੂੰ ਪੰਜਾਬ ਵਿਚ ਹੋ ਰਹੇ ਕਬੱਡੀ ਵਰਲਡ ਕੱਪ ਵਿਚ ਥਾਂ ਨਹੀਂ ਮਿਲੀ! ਇਕ ਬਾਰ ਤਾਂ ਯਕੀਨ ਜਿਹਾ ਨਹੀਂ ਆਇਆ ਕਿ ਇੰਝ ਕਿਵੇਂ ਹੋ ਸਕਦਾ! ਪਰ ਜਦੋਂ ਇਸ ਗੱਲ ਦੀ ਪੁਸ਼ਟੀ ਕੀਤੀ ਤਾਂ ਇਹ ਇਕ ਕੌੜਾ ਸੱਚ ਸਾਬਤ ਹੋਈ। ਮਨ 'ਚ ਬਹੁਤ ਸਾਰੇ ਵਿਚਾਰ ਆਏ ਕਿ ਇੰਝ ਕਿਉਂ ਹੋਇਆ। ਜਿਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਤਾਂ ਇਹੀ ਸੋਚ ਆਈ ਕਿ ਪਿਛਲੇ ਬਾਰ ਜੋ ਕਿਰਕਰੀ ਨਸ਼ਿਆਂ ਨੂੰ ਲੈ ਕੇ ਹੋਈ ਸੀ ਸ਼ਾਇਦ ਉਹੀ ਵਜ੍ਹਾ ਰਹੀ ਹੋਵੇਗੀ। ਪਰ ਜਦੋਂ ਹੋਰ ਅੱਗੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਕਾਰਨ ਨਹੀਂ ਹੈ। ਫੇਰ ਦੂਜੀ ਗੱਲ ਜੋ ਸਾਹਮਣੇ ਆਈ ਉਹ ਇਹ ਸੀ ਕਿ ਪਿਛਲੇ ਬਾਰ ਏਕੇ ਦੀ ਕਮੀ ਕਾਰਨ ਦੋ ਟੀਮਾਂ ਦਾ ਜਾਣਾ ਵੀ ਇਕ ਕਾਰਨ ਹੋ ਸਕਦਾ ਹੈ। ਪਰ ਇਹ ਵੀ ਸਹੀ ਨਹੀ ਲਗਦਾ ਕਿਉਂਕਿ ਇਸ ਬਾਰ ਸੁੱਖੀ-ਸਾਂਦੀ ਮੱਸਾ ਤਾਂ ਏਕਾ ਹੋਇਆ ਹੈ ਅਤੇ ਸਾਰੀਆਂ ਘਰੇਲੂ ਟੀਮਾਂ ਨੇ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਝੰਡੇ ਥੱਲੇ ਇਕੱਠਿਆਂ ਹੋ ਕੇ ਜੋਰਾਂ-ਸ਼ੋਰਾਂ ਨਾਲ ਕੱਪ ਦੀਆਂ ਤਿਆਰੀਆਂ 'ਚ ਦਿਨ-ਰਾਤ ਇਕ ਕੀਤਾ ਹੋਇਆ ਹੈ।

ਫੇਰ ਹੋਰ ਕੀ ਕਾਰਨ ਹੋ ਸਕਦਾ? ਬੱਸ ਫੇਰ ਸ਼ੱਕ ਦੀ ਸੂਈ ਸਿਆਸਤ ਤੇ ਆ ਕੇ ਅਟਕਦੀ ਹੈ। ਪਰ ਇਥੇ ਵੀ ਹੈਰਾਨੀ ਹੁੰਦੀ ਹੈ ਕਿ ਇਕ ਵਰਲਡ ਕੱਪ ਲਈ ਇਕ ਪਿੰਡ ਪੱਧਰ ਦੀ ਸਿਆਸਤ!!! ਮੇਰਾ ਪਿੰਡ ਪੱਧਰ ਕਹਿਣ ਦਾ ਮਤਲਬ ਇਹੀ ਹੈ ਕਿ ਜੇ ਸਿਆਸਤ ਉੱਚ ਪੱਧਰੀ ਹੁੰਦੀ ਤਾਂ ਇਸ ਤਰ੍ਹਾਂ ਆਸਟ੍ਰੇਲੀਆ ਦਾ ਭਾਂਡਾ ਨਹੀਂ ਟਾਲਿਆ ਜਾਣਾ ਸੀ। ਹਾਂ ਇਕ ਗੱਲ ਇੱਥੇ ਜ਼ਰੂਰ ਸਾਬਤ ਹੁੰਦੀ ਹੈ ਕਿ ਉੱਚ ਪੱਧਰੇ ਲੋਕ ਪਿੰਡ ਪੱਧਰ ਦੀ ਸਿਆਸਤ ਤੇ ਉਤਾਰੂ ਹੋਏ ਪਏ ਲਗਦੇ ਹਨ। ਇਹੋ ਜਿਹਾ ਕੁਝ ਗਲੀ ਮੁਹੱਲਿਆਂ ਦੇ ਟੂਰਨਾਮੈਂਟ 'ਚ ਤਾਂ ਹੁੰਦਾ ਸੁਣਿਆ ਸੀ ਪਰ ਮੁਲਕ ਪੱਧਰ ਤੇ ਪਹਿਲੀ ਵਾਰ ਘੁੱਤੀ ਗਿੱਲੀ ਹੁੰਦੀ ਦੇਖੀ ਹੈ।  

ਦੋਸਤੋ! ਥੋੜ੍ਹਾ ਬਹੁਤ ਪਿਛੋਕੜ ਫਰੋਲ ਕੇ ਦੇਖਦੇ ਹਾਂ। ਪਿਛਲੇ ਵਰਲਡ ਕੱਪ ਦੌਰਾਨ ਆਸਟ੍ਰੇਲੀਆ ਤੋਂ ਦੋ ਟੀਮਾਂ ਦੇ ਜਾਣ ਦੇ ਕਾਰਨ ਦਾ ਪਤਾ ਤਾਂ ਸਭ ਨੂੰ ਹੈ ਬੱਸ ਜਾਣ ਕੇ ਅਣਜਾਣ ਬਣਦੇ ਹਾਂ। ਪਿਛਲੇ ਬਾਰ ਇਕ ਕਬੱਡੀ ਫੈਡਰੇਸ਼ਨ ਤੇ ਇਕ ਸਿਆਸੀ ਫੈਡਰੇਸ਼ਨ ਦੀ ਠੰਢੀ ਜੰਗ ਚਲੀ ਸੀ। ਇਹ ਵੀ ਸੁਣਿਆ ਸੀ ਕਿ ਇਕ ਕੱਦਾਵਾਰ ਸਿਆਸੀ ਨੇਤਾ ਜੀ ਦੀ ਇੱਛਾ ਨੂੰ ਫੁਲ ਚੜ੍ਹਾਏ ਗਏ ਸਨ। ਪਰ ਉਸ ਵਕਤ ਕੁਝ ਇਕ ਕਸੂਰ ਕੁਝ ਕਲੱਬਾਂ ਦਾ ਵੀ ਸੀ ਜਿਨ੍ਹਾਂ ਦੀ ਫ਼ੁੱਟ ਦਾ ਫ਼ਾਇਦਾ ਇਹ ਸਿਆਸੀ ਲੋਕ ਲੈ ਗਏ ਸਨ। ਉਹ ਤਾਂ 'ਨਸ਼ਿਆਂ' ਵਾਲਾ ਐਪੀਸੋਡ 'ਦੋ ਟੀਮਾਂ' ਵਾਲੇ ਐਪੀਸੋਡ ਨਾਲੋਂ ਜ਼ਿਆਦਾ ਹਿੱਟ ਹੋ ਗਿਆ ਸੋ ਸਭ ਦਾ ਧਿਆਨ ਉਧਰ ਚਲਿਆ ਗਿਆ ਨਹੀਂ ਤਾਂ ਪਿਛਲੇ ਸਾਲ ਹੀ ਬਹੁਤ ਕੁਝ ਹੋਣਾ ਸੀ।  

ਹੁਣ ਇਕ ਗੱਲ ਜੋ ਸਮਝ ਤੋਂ ਬਾਹਰ ਹੈ ਕਿ ਸਾਡੇ ਇਹ ਸਿਆਸੀ ਲੋਕ ਸਾਨੂੰ ਵਿਦੇਸ਼ ਬੈਠਿਆਂ ਨੂੰ ਵੀ ਕਿਉਂ ਨਹੀਂ ਜਿਉਣ ਦਿੰਦੇ!!! ਹਰ ਤੀਜੇ ਦਿਨ ਸੁਣੀਦਾ ਕਿ ਫਲਾਂ ਮੰਤਰੀ ਆਇਆ ਸੀ ਤੇ ਫਲਾਂ ਬੰਦੇ ਨੂੰ ਆਸਟ੍ਰੇਲੀਆ ਇਕਾਈ ਦਾ ਪਰਧਾਨ ਥਾਪ ਗਿਆ। ਉਸ ਤੋਂ ਅੱਗੇ ਪਿੱਛੇ ਕਦੇ ਆਸਟ੍ਰੇਲਿਆਈ ਪਰਧਾਨ ਜੀ ਕਿਤੇ ਨਜ਼ਰ ਨਹੀਂ ਆਉਂਦੇ। ਬੱਸ ਕੀ ਕਹਿਣਾ ਕਦੇ ਮੀਂਹ ਪਏ ਤੋਂ ਜਿਵੇਂ ਕੀੜਿਆਂ ਦਿਸਦੀਆਂ ਇੰਝ ਕਿਸੇ ਅਖ਼ਬਾਰ 'ਚ ਬਿਆਨ ਜ਼ਰੂਰ ਛਪਵਾ ਦਿੰਦੇ ਹਨ। ਚਲੋ ਇਸ ਵਿਚ ਵੀ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਕਿਸੇ ਪਾਰਟੀ ਲਈ ਕੁਝ ਕਰੇ ਇਹ ਉਸ ਦਾ ਆਪਣਾ ਬਿਜ਼ਨੈੱਸ ਹੈ। ਪਰ ਜਦੋਂ ਇਹੋ ਜਿਹੇ ਲੋਕ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ ਤਾਂ ਉਸ ਵਕਤ ਝੱਲਣਾ ਮੁਸ਼ਕਿਲ ਕੰਮ ਹੁੰਦਾ ਹੈ। ਹੁਣ ਉਹ ਜ਼ਮਾਨਾ ਤਾਂ ਰਿਹਾ ਨਹੀਂ ਜਦੋਂ ਇਕ ਤਰਫਾ ਮੀਡੀਆ ਸੀ ਜੋ ਸਪੀਕਰ 'ਚ ਬੋਲ ਦਿੱਤਾ ਬੱਸ ਉਹੀ ਪਰਵਾਨ ਚੜ੍ਹ ਗਿਆ। ਅੱਜ ਕੱਲ੍ਹ ਤਾਂ ਸੰਵਾਦ ਰਚੇ ਜਾਂਦੇ ਹਨ ਜੀ। ਮੇਰੇ ਜਿਹਾ ਨਾ ਸਮਝ ਵੀ ਹਰ ਵਰਤਾਰੇ ਦਾ ਘਰੇ ਬੈਠਾ ਹੀ ਜਵਾਬ ਮੰਗਦਾ ਹੈ।  

ਇਸ ਬਾਰ ਤਾਂ ਆਸਟ੍ਰੇਲੀਆ ਵਿਚ ਇਕੋ ਕਬੱਡੀ ਫੈਡਰੇਸ਼ਨ ਹੈ ਤੇ ਉਹ ਵੀ ਸਰਬ ਸੰਮਤੀ ਨਾਲ ਬਣੀ ਕਾਰਜਕਾਰਨੀ ਨਾਲ ਲੈਸ ਹੈ। ਪਰ ਫੇਰ ਵੀ ਜਦੋਂ ਵਰਲਡ ਕੱਪ ਕਮੇਟੀ ਤੋਂ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਆਸਟ੍ਰੇਲੀਆ 'ਚ ਦੋ ਫੈਡਰੇਸ਼ਨਾਂ ਕੰਮ ਕਰ ਰਹੀਆਂ ਹਨ। ਜਿਨ੍ਹਾਂ ਬੰਦਿਆਂ ਨਾਲ ਉਨ੍ਹਾਂ ਸੰਪਰਕ ਕੀਤਾ ਉਹ ਕਹਿੰਦੇ ਕਿ ਅਸੀਂ ਵਰਲਡ ਕੱਪ 'ਚ ਖੇਡਣ ਦੇ ਇੱਛੁਕ ਨਹੀਂ ਹਾਂ ਕਿਉਂਕਿ ਸਾਡੇ ਕੋਲ ਕੋਈ ਟੀਮ ਹੀ ਨਹੀਂ ਹੈ। ਪਰ ਸੱਚ ਤਾਂ ਇਹ ਹੈ ਕਿ ਇਸ ਵਕਤ ਆਸਟ੍ਰੇਲੀਆ 'ਚ ਦਸ ਦੇ ਕਰੀਬ ਕਬੱਡੀ ਦੇ ਕਲੱਬ ਹਨ ਤੇ ਤਕਰੀਬਨ ਸਾਰੇ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਝੰਡੇ ਥੱਲੇ ਇਕੱਠੇ ਹਨ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਵਰਲਡ ਕੱਪ ਕਮੇਟੀ ਨੇ ਆਸਟ੍ਰੇਲੀਆ 'ਚ ਕਿਸ ਨਾਲ ਸੰਪਰਕ ਕੀਤਾ। ਇਹ ਤਾਂ ਹਾਲੇ ਭਵਿੱਖ ਦੇ ਗਰਭ 'ਚ ਹੈ। ਪਰ ਸਵਾਲ ਤਾਂ ਸਾਡੇ ਮੂੰਹਾਂ ਤੇ ਹੁਣੇ ਹੀ ਹਨ। 

ਇਸ ਮਾਮਲੇ 'ਚ ਜਦੋਂ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਪਰਧਾਨ ਸੁਖਜੀਤ ਸਿੰਘ ਜੌਹਲ ਅਤੇ ਸਕੱਤਰ ਰੌਨੀਂ ਰੰਧਾਵਾ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਅਸੀਂ ਵੀ ਸਰਕਾਰ ਦੇ ਇਸ ਫ਼ੈਸਲੇ ਤੋਂ ਹੈਰਾਨ ਹਾਂ। ਜਦੋਂ ਅਸੀਂ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਪਹਿਲਾਂ ਦੂਜੇ ਬੰਦਿਆਂ ਨਾਲ ਸਮਝੌਤਾ ਕਰੋ ਫੇਰ ਗੱਲ ਕਰਿਓ। ਅਤੇ ਜਦੋਂ ਅਸੀਂ ਉਨ੍ਹਾਂ ਦੂਜੇ ਬੰਦਿਆਂ ਦਾ ਕੰਟੈੱਕਟ ਮੰਗਦੇ ਹਾਂ ਤਾਂ ਉਹ ਕੋਈ ਦਿੰਦਾ ਨਹੀਂ। ਜਦੋਂ ਕਿ ਅਸੀਂ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਹਾਂ। ਪਰ ਹੁਣ ਇਹ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਦੂਜੀ ਧਿਰ ਗੱਲਬਾਤ ਕਰਨ ਲਈ ਮੂਹਰੇ ਕਿਉਂ ਨਹੀਂ ਆ ਰਹੀ। ਹੋ ਸਕਦਾ ਹੈ ਕਿ ਕਬੱਡੀ ਫੈਡਰੇਸ਼ਨ 'ਚ ਕੋਈ ਊਣਤਾਈ ਹੋਵੇ ਪਰ ਦੂਜੀ ਧਿਰ ਨੂੰ ਇਸ ਗੱਲ ਨੂੰ ਜਨਤਾ ਦੀ ਕਚਹਿਰੀ 'ਚ ਲੈ ਕੇ ਆਉਣਾ ਚਾਹੀਦਾ ਹੈ। ਨਾ ਕਿ ਆਪਣੀਆਂ ਨਿੱਜੀ ਰੰਜਸ਼ਾਂ ਲਈ ਹਜ਼ਾਰਾਂ ਕਬੱਡੀ ਪ੍ਰੇਮੀਆਂ ਤੇ ਸੈਂਕੜੇ ਕਬੱਡੀ ਖਿਡਾਰੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਚਾਹੀਦਾ। 

ਆਪਣੇ ਪੱਧਰ ਤੇ ਅਸੀਂ ਅੱਜ ਕਾਫ਼ੀ ਕੋਸ਼ਿਸ਼ ਕੀਤੀ ਕਿ ਕੋਈ ਸਰਕਾਰੀ ਪੱਖ ਜਾਣਿਆ ਜਾ ਸਕੇ। ਪਰ ਸੁਖਬੀਰ ਬਾਦਲ ਪਾਕਿਸਤਾਨ ਦੇ ਦੌਰੇ ਤੇ ਹੋਣ ਕਾਰਨ ਬਹੁਤੇ ਮੰਤਰੀ ਅਤੇ ਸੰਤਰੀ ਉਨ੍ਹਾਂ ਨਾਲ ਗਏ ਹੋਏ ਹਨ। ਦੂਜੀ ਕਤਾਰ ਦੇ ਅਧਿਕਾਰੀਆਂ 'ਚ ਏਨੀ ਜੁਰਅਤ ਨਹੀਂ ਕਿ ਉਹ ਕਿਤੇ ਮੀਡੀਆ ਸਾਹਮਣੇ ਗੱਲ ਕਰ ਸਕਣ। ਅੱਜ ਮੈਂ ਪੰਜਾਬ ਖੇਡ ਮਹਿਕਮੇ 'ਚ ਗੱਲ ਕੀਤੀ, ਜਦੋਂ ਤੱਕ ਤਾਂ ਮੈਂ ਏਧਰਲੀਆਂ-ਉਧਰਲੀਆਂ ਗੱਲਾਂ ਕਰਦਾ ਰਿਹਾ ਤਾਂ ਅਧਿਕਾਰੀ ਮੇਰੀ ਗੱਲ ਸੁਣਦੇ ਰਹੇ ਪਰ ਜਦੋਂ ਮੈਂ ਕਿਹਾ ਕਿ ਮੈਂ 'ਹਰਮਨ ਰੇਡੀਓ' ਲਈ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਤਾਂ ਨਾਲ ਦੀ ਨਾਲ ਮੇਰੀ ਆਵਾਜ਼ ਉਨ੍ਹਾਂ ਨੂੰ ਸੁਣਨੋਂ ਹਟ ਗਈ। ਜਦੋਂ ਮੈਂ ਹੈਲੋ ਹੈਲੋ ਕਰਦੇ ਨੇ ਕਿਹਾ ਕਿ ਦੁਬਾਰਾ ਕਾਲ ਕਰਦਾ ਹਾਂ ਤਾਂ ਉਨ੍ਹਾਂ ਨੂੰ ਇਹ ਗੱਲ ਸੁਣ ਗਈ! ਮੈਂ ਸੋਚਿਆ ਕਿ ਸ਼ਾਇਦ ਸੱਚੀ ਨਾ ਸੁਣਦੀ ਹੋਵੇ ਦੁਬਾਰਾ ਜਦੋਂ ਕਾਲ ਕੀਤੀ ਤਾਂ ਇਕ ਬੀਬੀ ਜੀ ਨੇ ਚੁੱਕਿਆ ਤੇ ਕਹਿੰਦੇ ਸਾਹਿਬ ਤਾਂ ਆਫ਼ਿਸ 'ਚ ਨਹੀਂ ਜੋ ਸਿਰਫ਼ 30 ਸੈਕੰਡ ਪਹਿਲਾਂ ਮੇਰੇ ਨਾਲ ਇਸੇ ਫ਼ੋਨ ਤੇ ਗੱਲ ਕਰ ਰਹੇ ਸਨ। ਆਸ ਦੀ ਇਕੋ ਇਕ ਕਿਰਨ ਉੱਘੇ ਖਿਡਾਰੀ ਤੇ ਸਿਆਸਤਦਾਨ ਪਰਗਟ ਸਿੰਘ ਦੇ ਰੂਪ 'ਚ ਦਿਖਾਈ ਦਿੰਦੀ ਹੈ ਜਿਨ੍ਹਾਂ ਨਾਲ ਸੰਪਰਕ ਕੀਤਾ ਹੈ ਤੇ ਕਿਸੇ ਚੰਗੇ ਜਵਾਬ ਦੀ ਉਡੀਕ 'ਚ ਹਾਂ। 

ਪਿਛਲੇ ਕੁਝ ਵਕਤ ਤੋਂ ਪੰਜਾਬ ਦੇ ਉਪ ਮੁੱਖ ਮੰਤਰੀ ਮਾਨਯੋਗ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਬੱਡੀ ਵਰਲਡ ਕੱਪ ਵੱਲ ਖ਼ਾਸ ਧਿਆਨ ਦਿੱਤਾ ਹੈ। ਜਿਸ ਦੀ ਹਰ ਪਾਸੇ ਸਲਾਹਣਾ ਹੋ ਰਹੀ ਹੈ। ਉਨ੍ਹਾਂ ਪਲੇਟਫ਼ਾਰਮ ਬਣਾ ਕੇ ਆਪਣਾ ਫ਼ਰਜ਼ ਨਿਭਾ ਦਿੱਤਾ ਹੈ। ਪਰ ਉਸ ਨੂੰ ਵਰਤਣਾ ਤਾਂ ਆਮ ਲੋਕਾਂ ਨੇ ਹੈ। ਹਰ ਕੰਮ ਸੁਖਬੀਰ ਬਾਦਲ ਤਾਂ ਕਰਨੋਂ ਰਿਹਾ। ਸੋ ਕੁਝ ਇਕ ਲੋਕਾਂ ਨੂੰ ਇਸ ਦੀ ਜ਼ੁੰਮੇਵਾਰੀ ਦੇ ਦਿੱਤੀ ਗਈ ਹੈ। ਹੁਣ ਜਦੋਂ ਇਸ ਕੰਮ ਲਈ ਜ਼ੁੰਮੇਵਾਰ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਉਥੇ ਇਹੋ ਜਿਹਾ ਗ਼ੈਰ ਜੁੰਮੇਵਾਰਨਾ ਕੰਮ ਤਾਂ ਕੋਈ ਨਾ ਸਮਝ ਬੰਦਾ ਹੀ ਕਰ ਸਕਦਾ ਹੈ! ਕਿਉਂਕਿ ਦੂਰ ਅੰਦੇਸ਼ੀ ਬੰਦੇ ਨੂੰ ਤਾਂ ਡਿਪਲੋਮੈਟਿਕ ਗੱਲਾਂ ਦੀ ਸੋਝੀ ਹੁੰਦੀ ਹੈ। ਪਰ ਇਥੇ ਤਾਂ ਜੁਆਕਾਂ ਵਾਲੀ ਗੱਲ ਹੀ ਲਗਦੀ ਹੈ, ਜੋ ਮੈਂ ਲੇਖ ਦੇ ਸਿਰਲੇਖ 'ਚ ਕਹਿ ਚੁੱਕਿਆ ਹਾਂ। ਇਹੋ ਜਿਹੇ ਈਰਖਾ ਭਰੇ ਲੋਕ ਕਬੱਡੀ ਦੇ ਜੋੜਾਂ 'ਚ ਬੈਠ ਰਹੇ ਹਨ ਤੇ ਜੇ ਕੱਲ੍ਹ ਨੂੰ ਇਹੀ ਕਬੱਡੀ ਸਰਕਾਰ ਦੇ ਜੋੜਾਂ 'ਚ ਬੈਠ ਗਈ ਤਾਂ ਹੈਰਾਨ ਹੋਣ ਦੀ ਲੋੜ ਨਹੀਂ। ਇਸ ਗੱਲ ਵੱਲ ਬਾਦਲ ਸਾਹਿਬ ਨੂੰ ਵਿਸ਼ੇਸ਼ ਧਿਆਨ ਦੇਣਾ ਹੀ ਪੈਣਾ ਨਹੀਂ ਤਾਂ ਫੇਰ ਗਿੱਲੀ ਹੋਈ ਘੁੱਤੀ ਕੰਮ ਕਿਸੇ ਦੇ ਵੀ ਨਹੀਂ ਆਉਣੀ!!!
ਅੰਤ ਵਿਚ ਇਕ ਗੱਲ ਦਾ ਧਰਵਾਸ ਤਾਂ ਹੈ ਕਿ ਇਹੋ ਜਿਹੇ ਵਰਲਡ ਕੱਪ 'ਚ ਖੇਡ ਕੇ ਲੈਣਾ ਵੀ ਕੀ ਹੈ, ਜਿਸ ਵਿਚ ਗਲੀ ਮੁਹੱਲਿਆਂ ਵਾਲੀ ਸਿਆਸਤ ਚਲਦੀ ਹੋਵੇ। 

Sunday, October 28, 2012

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ: ਮਿੰਟੂ ਬਰਾੜ



ਸਾਡੀ ਜ਼ਿੰਦਗੀ 'ਚ ਕੁਝ ਇਕ ਵਰਤਾਰੇ ਇਹੋ ਜਿਹੇ ਹੁੰਦੇ ਹਨ, ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਵਰਤਾਰਾ ਇਹ ਹੈ ਕਿ ਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲਗਦਾ ਕਿ ਅਸੀਂ ਕਿਸ ਹੱਦ ਤੱਕ ਉਸ ਇਨਸਾਨ ਨੂੰ ਚਾਹੁੰਦੇ ਸੀ। ਬੱਸ ਇਹੋ ਕੁਝ ਜਸਪਾਲ ਭੱਟੀ ਹੋਰਾਂ ਨੂੰ ਚਾਹੁਣ ਵਾਲਿਆਂ ਨਾਲ ਵਾਪਰਿਆ। ਉਨ੍ਹਾਂ ਦੇ ਚਲੇ ਜਾਣ ਨਾਲ ਦੁਨੀਆਂ ਭਰ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਠੱਗੇ-ਠੱਗੇ ਜਿਹੇ ਮਹਿਸੂਸ ਕਰ ਰਹੇ ਹਨ।

ਗੱਲ ਜਸਪਾਲ ਭੱਟੀ ਹੋਰਾਂ ਨਾਲ ਆਪਣੀ ਸਾਂਝ ਤੋਂ ਸ਼ੁਰੂ ਕਰਨੀ ਚਾਹਾਂਗਾ। ਉਨ੍ਹਾਂ ਨੂੰ ਮੈਂ ਤਕਰੀਬਨ ਅੱਸੀ ਦੇ ਦਹਾਕੇ ਤੋਂ ਜਾਣਦਾ ਤੇ ਪ੍ਰਸੰਸਕ ਹਾਂ, ਜਦੋਂ ਹਾਲੇ ਬਲੈਕ ਐਂਡ ਵਾਈਟ ਟੀ.ਵੀ. ਦਾ ਜ਼ਮਾਨਾ ਸੀ। ਪਰ ਅਫ਼ਸੋਸ ਕਦੇ ਉਨ੍ਹਾਂ ਨੂੰ ਮਿਲ ਨਹੀਂ ਸਕਿਆ। ਉਨ੍ਹਾਂ ਨਾਲ ਮੇਰੀ ਗੱਲਬਾਤ ਦੀ ਜੋ ਸਾਂਝ ਪਈ, ਉਸ ਦੀ ਉਮਰ ਸਿਰਫ਼ ਤਿੰਨ ਦਿਨ ਹੀ ਰਹੀ। ਨਾ ਕਦੇ ਸੋਚਿਆ ਸੀ, ਨਾ ਕਦੇ ਉਮੀਦ ਹੀ ਸੀ ਕਿ ਉਨ੍ਹਾਂ ਨਾਲ ਇੰਝ ਸਾਂਝ ਪਵੇਗੀ। ਜਿਸ ਵਕਤ ਉਨ੍ਹਾਂ ਨਾਲ ਗੱਲ ਹੋਈ, ਮੈਂ ਆਪਣੇ ਆਪ ਨੂੰ ਬੜਾ ਖ਼ੁਸ਼ਨਸੀਬ ਸਮਝਿਆ । ਮੈਂ ਉਨ੍ਹਾਂ ਦੇ ਇਕ ਹਾਸਰਸ ਕਲਾਕਾਰ ਹੋਣ ਕਰ ਕੇ ਮੁਰੀਦ ਘੱਟ ਤੇ ਉਨ੍ਹਾਂ ਦੀ ਉਸਾਰੂ ਸੋਚ ਅਤੇ ਬੇਬਾਕਪੁਣੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਮੇਰੀ ਖ਼ੁਸ਼ੀ ਸਿਰਫ਼ ਤਿੰਨ ਦਿਨ ਰਹੀ ਤੇ ਉਹ ਇਸ ਫ਼ਾਨੀ ਜਹਾਨ ਨੂੰ ਹਸਾਉਂਦੇ ਹਸਾਉਂਦੇ ਅਚਾਨਕ ਰੁਆ ਕੇ ਰੁਖ਼ਸਤ ਹੋ ਗਏ। ਹੁਣ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿਰਫ਼ ਤਿੰਨ ਦਿਨਾਂ ਦੀ ਇਹ ਸਾਂਝ ਮੇਰੇ ਦੁੱਖ ਨੂੰ ਹੋਰ ਵਧਾਉਣ ਲਈ ਸੀ।

ਗੱਲ 21 ਅਕਤੂਬਰ ਦੀ ਹੈ, ਬੀ.ਐੱਮ.ਜੀ. ਫਿਲਮਜ਼ ਦੇ ਕਰਤਾ ਧਰਤਾ ਮਨਪ੍ਰੀਤ ਗਿੱਲ ਹੋਰਾਂ ਦਾ 'ਹਰਮਨ ਰੇਡੀਓ' ਲਈ ਫ਼ਿਲਮ ਦੇ ਕਲਾਕਾਰਾਂ ਨਾਲ ਗੱਲ ਕਰਨ ਦਾ ਸੁਨੇਹਾ ਆਇਆ, ਜੋ ਕਿ ਭੱਟੀ ਸਾਹਿਬ ਦੀ ਫ਼ਿਲਮ 'ਪਾਵਰ ਕੱਟ' ਆਸਟ੍ਰੇਲੀਆ ਭਰ 'ਚ ਰਿਲੀਜ਼ ਕਰ ਰਹੇ ਹਨ । ਜਦੋਂ ਮੈਂ ਸ਼ਾਮ ਨੂੰ ਚਾਰ ਕੁ ਵਜੇ ਭੱਟੀ ਸਾਹਿਬ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹੋ ਨਾ ਸਕਿਆ। ਉਨ੍ਹਾਂ ਦੀ ਮਸਰੂਫੀਅਤ ਦੇ ਮੱਦੇ-ਨਜ਼ਰ ਮੈਂ ਇਹ ਗੱਲ ਕਿਸੇ ਹੋਰ ਵਕਤ 'ਤੇ ਛੱਡ ਦਿੱਤੀ । ਰਾਤ ਨੂੰ ਮੈਂ ਹਾਲੇ ਸੁੱਤਾ ਹੀ ਸੀ ਕਿ ਦੱਸ ਵਜ ਕੇ ਉੱਨੀ ਕੁ ਮਿੰਟ 'ਤੇ ਮੇਰਾ ਫ਼ੋਨ ਵੱਜਿਆ ਤੇ ਅੱਧ-ਸੁੱਤੇ ਜਿਹੇ ਨੇ ਦੇਖਿਆ ਤਾਂ ਭੱਟੀ ਸਾਹਿਬ ਦਾ ਫ਼ੋਨ ਸੀ;

''ਬਹੁਤ ਬਿਜ਼ੀ ਹੋਣ ਕਾਰਨ ਕਾਲ ਮਿਸ ਕਰ ਗਿਆ ਸੀ, ਇਸ ਲਈ ਮਾਫ਼ੀ ਚਾਹੁੰਦਾ ਹਾਂ'', ਭੱਟੀ ਸਾਹਿਬ ਨੇ ਕਿਹਾ ।

ਦੁਆ ਸਲਾਮ ਤੋਂ ਬਾਅਦ ਮੈਂ ਉਨ੍ਹਾਂ ਨੂੰ ਦੱਸਿਆ ਕਿ ''ਹਰਮਨ ਰੇਡੀਓ ਲਈ ''ਪਾਵਰ ਕੱਟ'' ਦੇ ਸਬੰਧ 'ਚ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ, ਪਰ ਸਮੱਸਿਆ ਇਹ ਹੈ ਕਿ ਮੇਰੇ ਟਾਕ ਸ਼ੋਅ 'ਲਹਿਰਾਂ' ਦੇ ਸਮੇਂ ਪੰਜਾਬ 'ਚ ਅੱਧੀ ਰਾਤ ਹੁੰਦੀ ਹੈ । ਸੋ ਜੇ ਤੁਸੀਂ ਉਠ ਸਕੋ ਤਾਂ ਮੈਂ ਤੁਹਾਡੇ ਨਾਲ ਲਾਈਵ ਗੱਲ ਕਰਨੀ ਚਾਹਾਂਗਾ''

''ਜੇ ਮੇਰੇ ਤੋਂ ਉਸ ਵੇਲੇ ਉਠਿਆ ਨਾ ਗਿਆ ਤਾਂ ਸਰੋਤਿਆਂ ਲਈ ਗ਼ਲਤ ਹੋਵੇਗਾ। ਸੋ ਤੁਸੀਂ ਹੁਣੇ ਰਿਕਾਰਡ ਕਰ ਲਵੋ'', ਉਨ੍ਹਾਂ ਦਾ ਜੁਆਬ ਸੀ ।

''ਸਾਡੇ ਰਿਕਾਡਿਸਟ ਤਾਂ ਹੁਣ ਸੌਂ ਗਏ ਨੇ, ਪਰ ਮੈਂ ਰਿਸ਼ੀ ਗੁਲਾਟੀ ਹੋਰਾਂ ਨੂੰ ਫ਼ੋਨ ਲਾ ਕੇ ਦੇਖਦਾ ਹਾਂ, ਜੇ ਉਹ ਉਠ ਖੜ੍ਹਨ ਤਾਂ૴''

''ਚਲੋ ਫੇਰ ਰਹਿਣ ਦਿਓ, ਮੈਂ ਹੀ ਉਠ ਖੜਾਂਗਾ'', ਨਿਮਰਤਾ ਸਹਿਤ ਭੱਟੀ ਸਾਹਿਬ ਨੇ ਕਿਹਾ ।

''ਮੈਨੂੰ ਪੰਜ ਮਿੰਟ ਦਿਓ ਮੈਂ ਕੋਸ਼ਿਸ਼ ਕਰਦਾ ਹਾਂ, ਨਹੀਂ ਤਾਂ ਫੇਰ ਤੁਹਾਨੂੰ ਕਸ਼ਟ ਦੇਣਾ ਹੀ ਪੈਣਾ ਹੈ ਕਿਉਂਕਿ ਮੈਂ ਪਹਿਲਾਂ ਹੀ ਅਨਾਊਂਸ ਕਰ ਚੁੱਕਿਆ ਹਾਂ ਕਿ ਅਸੀਂ 'ਲਹਿਰਾਂ' 'ਚ ਭੱਟੀ ਸਾਹਿਬ ਨਾਲ ਮਿਲਾਵਾਂਗੇ''

ਚਲੋ ਜੀ ! ਮੈਂ ਰਿਸ਼ੀ ਨੂੰ ਉਠਾਇਆ, ਉਹ ਅਬੜਵਾਹੇ ਜਿਹੇ ਕੁਝ ਹੋਰ ਹੀ ਬੋਲੀ ਜਾਵੇ। ਮੈਂ ਉਨ੍ਹਾਂ ਨੂੰ ਕਿਹਾ ਕਿ ਪਾਣੀ ਦੇ ਛਿੱਟੇ ਮਾਰੋ ਪਹਿਲਾਂ ਅੱਖਾਂ 'ਤੇ ਫੇਰ ਆਪਾਂ ਰਿਕਾਰਡਿੰਗ ਕਰਨੀ ਹੈ। ਉਹ ਕਹਿੰਦੇ ਭਾਜੀ ਇਹ ਕਿਹੜਾ ਟਾਈਮ ਆ? ਮੈਂ ਜਦੋਂ ਭੱਟੀ ਸਾਹਿਬ ਬਾਰੇ ਦੱਸਿਆ ਤਾਂ ਉਹ ਮਿੰਟੋ-ਮਿੰਟੀ ਤਿਆਰ ਹੋ ਗਏ।

ਅਸੀਂ ਸਟੂਡੀਓ ਤੋਂ ਭੱਟੀ ਸਾਹਿਬ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਦੱਸਿਆ ਕਿ ਸਾਡੇ ਅੱਜ ਦੇ ਟਾਕ ਸ਼ੋਅ ਦਾ ਵਿਸ਼ਾ ਵੀ ਪਾਵਰ ਕੱਟ ਹੈ ਤਾਂ ਉਹ ਬਹੁਤ ਖ਼ੁਸ਼ ਹੋਏ। ਉਨ੍ਹਾਂ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ ਜੋ ਕਿ ਹੁਣ ਵੀ ਹਰਮਨ ਰੇਡੀਓ ਦੇ ਪੌਡਕਾਸਟ ਵਿੱਚ ਜਾ ਕੇ ਸੁਣੀਆਂ ਜਾ ਸਕਦੀਆਂ ਹਨ । ਜਿਹੜੀ ਗੱਲ ਮੈਨੂੰ ਵਧੀਆ ਲੱਗੀ ਉਹ ਇਹ ਸੀ ਕਿ ਜਦੋਂ ਮੈਂ ਉਨ੍ਹਾਂ ਨੂੰ ਫ਼ਿਲਮ 'ਚ ਨੰਗੇਜਵਾਦ ਅਤੇ ਪਰਿਵਾਰਿਕ ਫ਼ਿਲਮ ਹੋਣ ਦੇ ਬਾਰੇ ਸਵਾਲ ਕੀਤਾ ਤਾਂ ਉਹ ਕਹਿੰਦੇ;
''ਹਾਂ ਜੀ ! ਸਾਡੀ ਫ਼ਿਲਮ 'ਚ ਬੱਸ ਇਕੋ ਚੀਜ਼ ਨੰਗੀ ਹੈ ਪਰ ਉਸ ਦਾ ਵੀ ਕੋਈ ਡਰ ਨਹੀਂ''
''ਮੈਂ ਸਮਝਿਆ ਨਹੀਂ'', ਮੈਂ ਕਿਹਾ ।
''ਫ਼ਿਲਮ 'ਚ ਬਿਜਲੀ ਦੀ ਤਾਰ ਨੰਗੀ ਹੈ ਪਰ ਉਸ ਵਿਚ ਕਰੰਟ ਨਹੀਂ ਹੈ, ਉਸ ਦਾ ਕਾਹਦਾ ਡਰ ? ਉਹ ਤਾਂ ਕੱਪੜੇ ਸੁਕਾਉਣ ਦੇ ਕੰਮ ਆਉਂਦੀ ਹੈ''
ਪਰਿਵਾਰ ਨਾਲ ਫ਼ਿਲਮ ਦੇਖਣ ਦੇ ਬਾਰੇ 'ਚ ਉਹ ਕਹਿੰਦੇ ਕਿ ਪਰਿਵਾਰ ਨਾਲ ਤਾਂ ਜਦੋਂ ਮਰਜ਼ੀ ਫ਼ਿਲਮ ਦੇਖ ਲਿਓ ਪਰ ਕਿਸੇ ਬਿਜਲੀ ਦੇ ਮੁਲਾਜ਼ਮ ਨਾਲ ਨਾ ਦੇਖਿਓ। ਕਿਉਂਕਿ ਜਦੋਂ ਤੁਸੀਂ ਹੱਸੋਗੇ ਤਾਂ ਉਨ੍ਹਾਂ ਤੁਹਾਡਾ ਸਿਰ ਪਾੜ ਦੇਣਾ ਹੈ। ਤਕਰੀਬਨ ਅੱਧਾ ਘੰਟਾ ਸਾਡੀ ਰਿਕਾਰਡਿੰਗ ਹੋਈ। ਰਿਕਾਰਡਿੰਗ ਤੋਂ ਬਾਅਦ ਕਾਫ਼ੀ ਵਕਤ ਉਹ ਮੇਰੇ ਨਾਲ ਗੱਲਬਾਤ ਕਰਦੇ ਰਹੇ।ਮੈਂ ਉਨ੍ਹਾਂ ਨੂੰ ਕਿਹਾ ਕਿ ਪਾਇਰੇਸੀ ਰੋਕਣ ਲਈ ਕਿ ਕਰੋਗੇ? ਤਾਂ ਉਹ ਕਹਿੰਦੇ ਕਿ ਫ਼ਿਲਮ ਰਿਲੀਜ਼ ਤੋਂ ਇਕ ਦਿਨ ਪਹਿਲਾਂ ਉਹ ਖ਼ੁਦ ਜਲੰਧਰ ਵਿਚ ਇਸ ਦੀ ਪਾਇਰੇਟਡ ਡੀ.ਵੀ.ਡੀ. ਰਿਲੀਜ਼ ਕਰਨਗੇ। ਮੈਨੂੰ ਉਨ੍ਹਾਂ ਦੇ ਇਸ ਕੰਸੈਪਟ ਤੇ ਵੱਡੀ ਹੈਰਾਨੀ ਹੋਈ ਸੀ। ਕਿ ਕਿਹੋ ਜਿਹਾ ਇਨਸਾਨ ਹੈ ਇਹ ਹਰ ਗੱਲ ਹੀ ਉਲਟੀ ਕਰਦਾ! ਪਰ ਰੱਬ ਨੂੰ ਸ਼ਾਇਦ ਇਹ ਗੱਲ ਮਨਜ਼ੂਰ ਨਹੀਂ ਸੀ ਤਾਂ ਹੀ ਉਹ ਜਲੰਧਰ ਪਹੁੰਚ ਨਾ ਸਕੇ।

ਉਨ੍ਹਾਂ ਮੈਨੂੰ ਕਿਹਾ ਸੀ ਕਿ ਫ਼ਿਲਮ ਦਾ ਰੀਵਿਊ ਜ਼ਰੂਰ ਲਿਖਿਓ, ਭਾਵੇਂ ਤੁਹਾਡੇ ਲੇਖ ਨਾਲ ਮੇਰੀ ਪਾਵਰ ਕੱਟੀ ਜਾਵੇ ਭਾਵੇਂ ਹੋਰ ਵਧੇ ਪਰ ਜੋ ਦੇਖੋ ਉਹ ਲਿਖਿਓ, ਅਸੀਂ ਖੁੱਲ੍ਹੇ ਦਿਲੋਂ ਸਵੀਕਾਰ ਕਰਾਂਗੇ। ਉਨ੍ਹਾਂ ਅਖੀਰ 'ਚ ਮੇਰੀ ਈਮੇਲ ਆਈ.ਡੀ. ਮੰਗੀ ਤੇ ਕਹਿੰਦੇ ਸੰਪਰਕ ਬਣਾਈ ਰੱਖਿਓ ਤੇ ਮੈਂ ਛੇਤੀ ਆਸਟ੍ਰੇਲੀਆ ਆ ਕੇ ਤੁਹਾਨੂੰ ਮਿਲਾਂਗਾ। ਪਰ ਮੈਂ ਉਦੋਂ ਸੋਚਿਆ ਵੀ ਨਹੀਂ ਸੀ ਕਿ ਏਨਾ ਸੱਚ ਬੋਲਣ ਵਾਲਾ ਬੰਦਾ ਏਨਾ ਵੱਡਾ ਝੂਠ ਬੋਲੇਗਾ ਮੇਰੇ ਨਾਲ! ਮਿਲਣ ਦਾ ਵਾਅਦਾ ਕਰ ਕੇ ਇਸ ਜਹਾਨ ਨੂੰ ਅਲਵਿਦਾ ਕਹਿ ਦੇਵੇਗਾ! ਹਾਲੇ ਤੱਕ ਦਿਲ ਮੰਨਣ ਨੂੰ ਤਿਆਰ ਨਹੀਂ। ਭਾਵੇਂ ਮੇਰੀ ਸਾਂਝ ਉਨ੍ਹਾਂ ਨਾਲ ਬਹੁਤ ਥੋੜ੍ਹੀ ਰਹੀ ਪਰ ਮੈਂ ਜੋ ਵਾਅਦਾ ਇਸ ਦੌਰਾਨ ਕੀਤਾ ਉਨ੍ਹਾਂ ਦੀ ਇਸ ਆਖਰੀ ਫ਼ਿਲਮ ਤੇ ਰੀਵਿਊ ਲਿਖਣ ਦਾ, ਉਸ ਲਈ ਕੱਲ੍ਹ ''ਪਾਵਰ ਕੱਟ'' ਦੇਖੀ ਤੇ ਜਿਵੇਂ ਦੀ ਮੈਨੂੰ ਲੱਗੀ ਉਹ ਲਿਖ ਰਿਹਾ ਹਾਂ ।
ਜ਼ਿੰਦਗੀ 'ਚ ਪਹਿਲੀ ਵਾਰ ਇਹੋ ਜਿਹਾ ਵਕਤ ਦੇਖਣ ਨੂੰ ਮਿਲਿਆ, ਜਦੋਂ ਇਕ ਕਲਾਕਾਰ ਦਾ ਸਿਵਾ ਬਲ ਰਿਹਾ ਹੋਵੇ ਤੇ ਦੂਜੇ ਪਾਸੇ ਉਸ ਦੀ ਫ਼ਿਲਮ ਦੁਨੀਆਂ ਦਾ ਮਨੋਰੰਜਨ ਕਰ ਰਹੀ ਹੋਵੇ। ਬੜੀ ਅਜੀਬ ਸਥਿਤੀ ਸੀ ਕਿ ਕਿਸੇ ਇਨਸਾਨ ਨੂੰ ਸ਼ਰਧਾਂਜਲੀ, ਉਸ ਦੀ ਫ਼ਿਲਮ ਦੇਖ ਕੇ ਹੱਸ ਹੱਸ ਕੇ ਦੇ ਰਹੇ ਹੋਈਏ। ਫ਼ਿਲਮ ਦੇਖਣ ਦਾ ਨਜ਼ਰੀਆ ਬਦਲਿਆ ਹੋਇਆ ਸੀ। ਜਿਸ ਪੱਖ ਤੋਂ ਫ਼ਿਲਮ ਨੂੰ ਪਰਖਣਾ ਚਾਹੁੰਦਾ ਸੀ ਉਸ ਪਾਸੇ ਧਿਆਨ ਹੀ ਨਹੀਂ ਜਾ ਰਿਹਾ ਸੀ। ਏਨੇ ਅੱਲ੍ਹੇ ਜ਼ਖ਼ਮਾਂ ਨੂੰ ਲੈ ਕੇ ਹੱਸਣਾ ਬਹੁਤ ਔਖਾ ਹੁੰਦਾ ਹੈ। ਦਿਮਾਗ਼ 'ਚ ਰਹਿ-ਰਹਿ ਕੇ ਇਹ ਗੱਲ ਆ ਰਹੀ ਸੀ ਕਿ ਇਸ ਬੰਦੇ ਦਾ ਹਰ ਕੰਮ ਨੂੰ ਕਰਨ ਦਾ ਇਕ ਵੱਖਰਾ ਅੰਦਾਜ਼ ਸੀ, ਸੋ ਇਸ ਜਹਾਨ ਤੋਂ ਰੁਖ਼ਸਤ ਹੋਣ ਦਾ ਰਾਹ ਵੀ ਉਸ ਨੇ ਵੱਖਰਾ ਹੀ ਚੁਣਿਆ। ਜਿਸ ਵਿਚ ਅਫ਼ਸੋਸ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਜੇ ਤੂੰ ਦਿਲੋਂ ਅਫ਼ਸੋਸ ਕਰਨਾ ਚਾਹੁੰਦਾ ਹੈ ਤਾਂ ਫ਼ਿਲਮ ਦੇਖੋ। ਕਿਆ ਅਜੀਬ ਹਾਲਾਤ ਨੇ!!!

ਜਸਪਾਲ ਭੱਟੀ ਦੀਆਂ ਫ਼ਿਲਮਾਂ ਦੀ ਨੰਬਰਿੰਗ ਹੀ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੀ ਹੈ। ਇਸ ਵਿਚ ਵੀ ਰਵਾਇਤੀ ਗੱਲਾਂ ਦੇ ਨਾਲ ਨਾਲ ਫ਼ਿਲਮ ਦੇ ਨਿਰਮਾਤਾ ਦਾ ਨਾਂ ਆਉਂਦਾ ਤਾਂ ਉਸ ਮੂਹਰੇ ਲਿਖਿਆ ਹੁੰਦਾ ''ਐਟ ਫੁੱਲ ਆਫ਼ ਰਿਸਕ''। ਫ਼ਿਲਮ ਦੇ ਨਾਂ ਤੇ ਪ੍ਰਮੋਸ਼ਨ ਤੋਂ ਲੱਗਦਾ ਸੀ ਕਿ ਸਾਰੀ ਫ਼ਿਲਮ ਸਿਰਫ਼ ਬਿਜਲੀ ਮਹਿਕਮੇ 'ਤੇ ਹੀ ਆਧਾਰਿਤ ਹੋਵੇਗੀ। ਪਰ ਨਹੀਂ ਇਸ ਫ਼ਿਲਮ ਨੂੰ ਹੋਰ ਮਨੋਰੰਜਕ ਬਣਾਉਣ ਲਈ ਇਸ ਵਿਚ ਇਕ ਲਵ ਸਟੋਰੀ ਵੀ ਨਾਲ-ਨਾਲ ਚਲਦੀ ਰਹਿੰਦੀ ਹੈ। ਜਸਪਾਲ ਭੱਟੀ ਹੋਰਾਂ ਨੇ ਆਪਣੀ ਬਣ ਚੁੱਕੀ ਇਕ ਖ਼ਾਸ ਇਮੇਜ ਨੂੰ ਭੰਡ ਦੇ ਰੂਪ 'ਚ ਤੋੜਿਆ ਹੈ। ਉਨ੍ਹਾਂ ਦੇ ਬੋਲਣ ਦਾ ਤਰੀਕਾ ਬਹੁਤ ਵੱਖਰਾ ਹੈ। ਕਈ ਵਾਰ ਤਾਂ ਸ਼ੱਕ ਪੈਂਦਾ ਹੈ ਕਿ ਇਹ ਉਹੀ ਜਸਪਾਲ ਭੱਟੀ ਹੈ ਜੋ ਪਿਛਲੇ ਪੱਚੀ-ਤੀਹ ਵਰ੍ਹਿਆਂ ਤੋਂ ਇਕੋ ਅੰਦਾਜ਼ 'ਚ ਲੋਕਾਂ ਨੂੰ ਹਸਾ ਰਿਹਾ ਹੈ! ਉਨ੍ਹਾਂ ਨੇ ਪਹਿਰਾਵਾ ਵੀ ਬਦਲਿਆ ਤੇ ਖੁੱਲ੍ਹੀ ਦਾੜ੍ਹੀ ਵੀ ਪਹਿਲੀ ਵਾਰ ਛੱਡੀ ਹੈ। ਫ਼ਿਲਮ ਵਿਚ ਜਸਵਿੰਦਰ ਭੱਲੇ ਨੇ ਵੀ ਆਪਣੀ ਰੀਤ ਤੋੜੀ ਹੈ। ਨਹੀਂ ਤਾਂ ਇਕੋ ਸਟਾਈਲ ਤੋਂ ਲੋਕ ਬੋਰ ਹੁੰਦੇ ਜਾ ਰਹੇ ਸਨ। ਫ਼ਿਲਮ ਵਿਚ ਉਨ੍ਹਾਂ ਦੇ ਪੰਚ ਫ਼ਿਲਮ ਦੀ ਜਾਨ ਹਨ। ਉਨ੍ਹਾਂ ਦੇ ਕੰਮ ਦੀ ਤਾਰੀਫ਼ ਲਿਖੇ ਤੋਂ ਨਹੀਂ ਸਮੇਟੀ ਜਾ ਸਕਦੀ। ਹੁਣ ਤੱਕ ਦੀਆਂ ਉਨ੍ਹਾਂ ਦੀਆਂ ਫ਼ਿਲਮਾਂ ਨਾਲੋਂ ਕਈ ਦਰਜੇ ਚੰਗੀ ਕਹਾਂਗਾ। ਬੀ.ਐਨ. ਸ਼ਰਮਾ ਬਾਰੇ ਤਾਂ ਇਹੀ ਕਹਾਂਗਾ ਕਿ ਭੱਟੀ ਸਾਹਿਬ ਨਾਲ ਅੱਜ ਤੱਕ ਜਿਨ੍ਹਾਂ ਕੰਮ ਵੀ ਸ਼ਰਮਾ ਜੀ ਨੇ ਕੀਤਾ ਉਸ ਵਿਚ ਹਰ ਵਾਰ ਕੁਝ ਨਵਾਂ ਹੀ ਹੁੰਦਾ ਹੈ। ਇਸ ਫ਼ਿਲਮ ਦਾ ਕਿਰਦਾਰ ਵੀ ਬਹੁਤ ਦੇਰ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦਾ ਇਕ ਸੰਵਾਦ ''ਮੈਂ ਤਾਂ ਫੇਰ ਵੜ ਗਿਆ ਨਾ ਭਾਂਡੇ ''', ਹਰ ਇਕ ਦੀ ਜ਼ੁਬਾਨ ਤੇ ਚੜ੍ਹਨ ਦੀ ਸਮਰੱਥਾ ਰੱਖਦਾ। ਫ਼ਿਲਮ ਦੀ ਪਿਆਰ ਕਹਾਣੀ ਤਿੰਨ ਨਵੇਂ ਚਿਹਰਿਆਂ ਦੁਆਲੇ ਘੁੰਮਦੀ ਹੈ। ਜਿਸ ਵਿਚ ਉਹ ਖ਼ੂਬ ਜਚੇ ਹਨ। ਜਸਰਾਜ ਭੱਟੀ ਵਿੱਚ ਸਟਾਰਡਮ ਝਲਕਦਾ ਹੈ ਪਰ ਹਾਲੇ ਵਕਤ ਲੱਗੇਗਾ ਨਿਖਾਰ ਆਉਣ 'ਚ।  ਇਕ ਹੋਰ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਕਿ ਉਹ ਆਪਣੇ ਪਿਤਾ ਜੀ ਵਾਂਗ ਪੱਗ ਦੀ ਮਹਿਮਾ ਨੂੰ ਹੋਰ ਵਧਾਏਗਾ। ਫ਼ਿਲਮ ਦੀ ਹੀਰੋਇਨ ਸੁਰੀਲੀ ਗੌਤਮ 'ਚ ਵੀ ਕਾਫ਼ੀ ਸੰਭਾਵਨਾ ਦਿਖਾਈ ਦਿੰਦੀਆਂ ਹਨ। ਪ੍ਰੇਮ ਚੋਪੜਾ, ਗੁਰਚੇਤ ਚਿੱਤਰਕਾਰ, ਜਾਫ਼ਰ, ਰਾਜੇਸ਼ ਪੂਰੀ ਅਤੇ ਹਰਪਾਲ ਨੇ ਵੀ ਆਪਣੇ ਆਪਣੇ ਰੋਲ 'ਚ ਪ੍ਰਭਾਵਿਤ ਕੀਤਾ ਹੈ । ਗੁਰਤੇਜ ਕਿਤੇ ਕਿਤੇ ਓਵਰ ਐਕਟ ਕਰਦਾ ਦਿਖਾਈ ਦਿੱਤਾ।  ਸਵਿਤਾ ਭੱਟੀ ਨੇ ਮਰਾਸਣ ਦੇ ਰੂਪ 'ਚ ਚੰਗੇ ਸੰਵਾਦ ਬੋਲੇ ਹਨ, ਭਾਵੇਂ ਕਿਤੇ ਕਿਤੇ ਉਨ੍ਹਾਂ ਦੀ ਦਿੱਖ ਮਰਾਸਣਾਂ ਜਿਹੀ ਨਹੀਂ ਦਿਖਾਈ ਦਿੱਤੀ। ਫ਼ਿਲਮ ਦਾ ਸੰਗੀਤ ਇਸ ਦਾ ਇਕ ਮਜ਼ਬੂਤ ਪੱਖ ਹੈ। ਡਇਰੈਕਸ਼ਨ 'ਚ ਉਂਝ ਤਾਂ ਕੋਈ ਕਮੀ ਨਹੀਂ ਦਿਖਾਈ ਦਿੱਤੀ ਪਰ ਇਕ ਗੱਲ ਨੇ ਮੈਨੂੰ ਬੜਾ ਹੈਰਾਨ ਕੀਤਾ ਕਿ ਬਿਜਲੀ ਮਹਿਕਮੇ 'ਚ ਐਕਸੀਅਨ ਤਕ ਰਹਿ ਚੁੱਕੇ ਭੱਟੀ ਸਾਹਿਬ ਇਹ ਕਿਵੇਂ ਭੁੱਲ ਗਏ ਕਿ ਬਿਜਲੀ ਦੀਆਂ ਦੋਹੇ ਤਾਰਾਂ ਇਕੋ ਬਾਰ 'ਚ ਪਲਾਸ ਨਾਲ ਨਹੀਂ ਕੱਟੀਆਂ ਜਾਂਦੀਆਂ। ਕਿਉਂਕਿ ਨੈਗੇਟਿਵ ਅਤੇ ਪੋਜ਼ੀਟਿਵ ਦਾ ਮੇਲ ਬਹੁਤ ਖ਼ਤਰਨਾਕ ਹੁੰਦਾ ਹੈ। ਖੈਰ ! ਮੇਰਾ ਇਹ ਸਵਾਲ ਹਨ ਅਣਸੁਲਝਿਆ ਹੀ ਰਹੇਗਾ।

ਜਿਸ ਕੰਮ ਲਈ ਜਸਪਾਲ ਭੱਟੀ ਮਸ਼ਹੂਰ ਰਹੇ ਹਨ ਉਹ ਹੈ 'ਤਿੱਖੇ ਵਿਅੰਗ' ਜੋ ਬੋਲਣ ਲੱਗੇ ਉਹ ਕਦੇ ਨਹੀਂ ਸਨ ਘਬਰਾਉਂਦੇ। ਇਸ ਫ਼ਿਲਮ 'ਚ ਵੀ ਇਹੋ ਜਿਹੇ ਸ਼ਬਦਾਂ ਦੇ ਤਿੱਖੇ ਤੀਰ ਉਨ੍ਹਾਂ ਚਲਾਏ ਹਨ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ ਉਹ ਅੱਜ ਸਾਡੇ ਵਿਚਕਾਰ ਸਹੀ ਸਲਾਮਤ ਹੁੰਦੇ ਤਾਂ ਉਹ ਸਰਕਾਰੀ ਸ਼ਿਕੰਜੇ 'ਚ ਜ਼ਰੂਰ ਫਸੇ ਹੋਣੇ ਸੀ। ਕਿਉਂਕਿ ਉਨ੍ਹਾਂ ਦੇ ਸੰਵਾਦ ਜਿਵੇਂ ਕਿ ''ਜਦੋਂ ਚਾਰ ਪੜ੍ਹਿਆ ਮੰਤਰੀ ਲੱਗ ਸਕਦਾ ਤਾਂ ਨੌਕਰੀ ਕਿਉਂ ਨਹੀਂ ਕਰ ਸਕਦਾ'', ''ਰਾਜ ਗਾਇਕ ਨਈ ਬਣਾਉਣਾ ਅਸੀਂ ਮੁੰਡੇ ਨੂੰ, ਫੇਰ ਤਾਂ ਉਹ ਗਾਉਣ ਤੋਂ ਵੀ ਜਾਉ", ''ਬਾਲਾ ਕਿਥੇ ਆ? ਉਹ ਤਾਂ ਪਹਾੜਾਂ 'ਚ ਗਿਆ ਪਾਕਿਸਤਾਨ ਤੋਂ ਆਈ ਆਪਣੀ ਮਰਾਸਣ ਸਹੇਲੀ ਨਾਲ''

ਦੋਸਤੋ! ਫ਼ਿਲਮ ਤੁਹਾਡੇ ਪੈਸੇ ਦਾ ਮੁੱਲ ਮੋੜਨ ਦੀ ਸਮਰੱਥਾ ਰੱਖਦੀ ਹੈ। ਉਮੀਦ ਹੈ ਭੱਟੀ ਸਾਹਿਬ ਨੂੰ ਦਿਲੋਂ ਚਾਹੁਣ ਵਾਲੇ ਜ਼ਰੂਰ ਇਸ ਫ਼ਿਲਮ ਨੂੰ ਦੇਖਣ ਜਾਣਗੇ। ਤੇ ਮੈਂ..... ਮੈਂ ਇਸ ਦੁਚਿੱਤੀ 'ਚ ਹਾਂ ਕਿ ਭੱਟੀ ਸਾਹਿਬ ਨੂੰ ਸਭ ਤੋਂ ਵੱਧ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਕਹਾਂ ਕਿ ਸਭ ਤੋਂ ਵੱਧ ਲੋਕਾਂ ਨੂੰ ਰੁਆਉਣ ਵਾਲਾ...... ?

****

Friday, October 5, 2012


''ਮੌਜਾਂ ਲੈ ਗਿਆ ਬਠਿੰਡੇ ਵਾਲਾ ਭੋਲਾ''

ਮਿੰਟੂ ਬਰਾੜ

ਮੌਜਾਂ ਨਾ ਤਾਂ ਧਨ ਨਾਲ ਲਈਆਂ ਜਾ ਸਕਦੀਆਂ ਹਨ, ਨਾ ਸ਼ੋਹਰਤ ਨਾਲ ਅਤੇ ਨਾ ਹੀ ਧੱਕੇ ਨਾਲ। ਮੌਜਾਂ ਫ਼ੱਕਰਾਂ ਦੇ ਹਿੱਸੇ ਆਉਂਦੀਆਂ ਹਨ। ਉਹੋ ਜਿਹੇ ਫ਼ੱਕਰਾਂ ਦੇ ਹਿੱਸੇ, ਜੋ ਰੱਬ ਦੀ ਰਜ਼ਾ 'ਚ ਰਹਿ ਕੇ ਜ਼ਿੰਦਗੀ ਮਾਣਦੇ ਹਨ। ਉਨ੍ਹਾਂ ਕੁਝ ਇਕ ਕਿਸਮਤ ਵਾਲੇ ਲੋਕਾਂ ਵਿਚੋਂ ਇਕ ਹੈ ''ਬਠਿੰਡੇ ਵਾਲਾ ਭੋਲਾ''। ਸ਼ਾਇਦ ਇਸ ਨਾਂ ਤੋਂ ਕੁਝ ਲੋਕ ਵਾਕਫ਼ ਨਾ ਹੋਣ ਪਰ ਜਦ ਕੋਈ ਗੁਰਦਾਸ ਮਾਨ ਸਾਹਿਬ ਦਾ ਗੀਤ ''ਮੌਜਾਂ ਲੈ ਗਿਆ ਬਠਿੰਡੇ ਵਾਲਾ ਭੋਲਾ, ਨੀ ਅਸਾਂ ਤੇਰੀ ਤੋਰ ਵੇਖਣੀ, ਲੋਕਾਂ ਵੇਖਣਾ ਵਿਸਾਖੀ ਵਾਲਾ ਮੇਲਾ'' ਸੁਣੇ ਤਾਂ ਝੱਟ ਹੀ ਸਮਝ 'ਚ ਆ ਜਾਵੇਗਾ ਕਿ ਬਠਿੰਡੇ ਵਾਲਾ ਭੋਲਾ ਕੌਣ ਹੈ। ਕਈ ਲੋਕਾਂ ਨੂੰ ਹਾਲੇ ਤੱਕ ਇਹ ਸ਼ੱਕ ਹੈ ਕਿ ਮਾਨ ਸਾਹਿਬ ਨੇ ਆਪਣੇ ਗੀਤ 'ਚ ਜਿਸ ''ਭੋਲੇ'' ਦਾ ਜ਼ਿਕਰ ਕੀਤਾ ਹੈ, ਉਹ ਤਾਂ ਬੱਸ ਐਵੇਂ ਕਲਪਨਾ ਮਾਤਰ ਹੈ ਪਰ ਇਹ ਮੌਜਾਂ ਲੈਣ ਵਾਲਾ ''ਭੋਲਾ'' ਕੋਈ ਕਾਲਪਨਿਕ ਪਾਤਰ ਨਹੀਂ, ਸਗੋਂ ''ਭੋਲਾ'' ਮਾਨ ਸਾਹਿਬ ਦੇ ਹਰ ਸ਼ੋਅ 'ਚ ਉਨ੍ਹਾਂ ਦੇ ਗਾਇਨ ਸਮੇਂ ਅਹਿਮ ਭੂਮਿਕਾ ਨਿਭਾਉਂਦਾ ਹੈ । ਇਹ ਅੱਤਕਥਨੀ ਵੀ ਨਹੀਂ ਹੈ ਕਿ ਗੀਤ ਬਣਾਉਣ ਲਈ ਹੀ ਭੋਲੇ ਨੂੰ ਮੌਜੀ ਸਾਬਤ ਕੀਤਾ ਹੋਵੇ ਕਿਉਂਕਿ ਭੋਲੇ ਨੂੰ ਨੇੜੇ ਤੋਂ ਜਾਨਣ ਵਾਲੇ ਜਾਣਦੇ ਹਨ ਕਿ ਭੋਲਾ ਕਿੰਨਾ ਕੁ ਮੌਜੀ ਬੰਦਾ ਹੈ। 

ਜੇ ਉਹ ਮਾਨ ਸਾਹਿਬ ਹੋਰਾਂ ਨਾਲ ਉਨ੍ਹਾਂ ਦੀ ਗਾਇਕੀ ਦੇ ਸਫ਼ਰ ਤੋਂ ਪਹਿਲੇ ਦਿਨ ਤੋਂ ਜੁੜਿਆ ਹੋਇਆ ਹੈ ਤਾਂ ਮੇਰਾ ਵੀ ਭੋਲੇ ਨਾਲ ਤਕਰੀਬਨ 1983 ਦਾ ਵਾਹ ਵਾਸਤਾ ਹੈ। ਜਦੋਂ ਸੰਤਾਪ ਭੋਗ ਰਹੇ ਪੰਜਾਬ 'ਚ ਮੈਂ ਡੀ.ਏ.ਵੀ. ਕਾਲਜ ਬਠਿੰਡਾ ਵਿਚ ਪੜ੍ਹਦਾ ਹੁੰਦਾ ਸੀ। ਉਸ ਕਾਲੇ ਦੌਰ 'ਚ ਬੜੀ ਮੁਸ਼ਕਿਲ ਨਾਲ ਕੁਝ ਪਲ ਖ਼ੁਸ਼ੀ ਮਨਾਉਣ ਦੇ ਆਉਂਦੇ ਸਨ। ਖ਼ਾਸ ਕਰ ਉਦੋਂ ਜਦੋਂ ਕਾਲਜ ਦੇ ਫੰਕਸ਼ਨ ਜਾ ਇੰਟਰ ਕਾਲਜ ਕੰਪੀਟੀਸ਼ਨ ਹੁੰਦੇ ਸਨ। ਉਸ ਵਕਤ ਸਾਡੇ ਕਾਲਜ 'ਚ ਪਰਗਟ ਭਾਗੂ ਗਾਇਕੀ ਦੀ ਦੁਨੀਆਂ 'ਚ ਉਭਰ ਕੇ ਸਾਹਮਣੇ ਆ ਰਿਹਾ ਸੀ ਤੇ ਉੱਘੇ ਨਾਟਕਕਾਰ ਜਨਾਬ ਟੋਨੀ ਬਾਤਿਸ਼ ਆਪਣਾ ਮਸ਼ਹੂਰ ਨਾਟਕ ''ਕੁਦਰਤ ਦੇ ਸਭ ਬੰਦੇ'' ਖੇਡਦੇ ਹੁੰਦੇ ਸਨ। ਭਾਵੇਂ ਸਾਡਾ ਕਾਲਜ ਕੋ-ਐਜੁਕੇਸ਼ਨ ਸੀ ਪਰ ਫੇਰ ਵੀ ਗਿਣਤੀ ਦੀਆਂ ਕੁੜੀਆਂ ਹੀ ਉਸ ਵਕਤ ਸਾਡੇ ਕਾਲਜ 'ਚ ਪੜ੍ਹਦੀਆਂ ਸਨ। ਉਸ ਟਾਈਮ ਭੋਲਾ ਬਾਈ ਸਾਡੇ ਕਾਲਜ ਵਿਚ ਕਦੇ ਪਰਗਟ ਨਾਲ ਤੇ ਕਦੇ ਟੋਨੀ ਬਾਤਿਸ਼ ਸਾਹਿਬ ਨਾਲ ਅਤੇ ਕਦੇ ਕੁੜੀਆਂ ਨੂੰ ਗਿੱਧਾ ਸਿਖਾਉਂਦਾ ਨਜ਼ਰੀਂ ਪੈ ਜਾਂਦਾ। 

ਸਰਤਾਜ ਦੇ ਕਹਿਣ ਵਾਂਗ ਵਿਦਿਆਰਥੀ ਜੀਵਨ ਦੀਆਂ ਆਰਥਿਕ ਤੰਗੀਆਂ-ਤਰੁੱਟੀਆਂ ਦੇ ਬਾਵਜੂਦ ਅਸੀਂ ਭੋਲੇ ਨਾਲ ਪੰਜਾਹ ਪੈਸਿਆਂ ਦਾ ਚਾਹ ਦਾ ਕੱਪ ਤੇ ਨਾਲ ਇਕ ਰੁਪਈਏ ਦੇ ਦੋ ਬ੍ਰੈੱਡ ਪਕੌੜੇ ਕੰਟੀਨ 'ਚ ਬਹਿ ਕੇ ਖਾਣ ਲਈ ਤਤਪਰ ਰਹਿੰਦੇ ਸੀ। ਇਸ ''ਟੀ ਪਾਰਟੀ'' ਪਿੱਛੇ ਬੱਸ ਇਕ ਹੀ ਕਾਰਨ ਹੁੰਦਾ ਸੀ ਕਿ ਉਹ ਉਸ ਵਕਤ ਚੜ੍ਹ ਰਹੇ ਸੂਰਜ ਗੁਰਦਾਸ ਮਾਨ ਦਾ ਸੰਗੀ ਸੀ। ਸਾਨੂੰ ਲਗਦਾ ਜਿਵੇਂ ਅਸੀਂ ਮਾਨ ਸਾਹਿਬ ਨਾਲ ਹੀ ਬਹਿ ਕੇ ਚਾਹ ਪੀ ਰਹੇ ਹੋਈਏ।

ਛੋਟੇ ਜਿਹੇ ਕੱਦ ਦਾ ਅਤੇ ਹੌਲੇ ਜਿਹੇ ਸਰੀਰ ਦਾ ਮਾਲਕ ਭੋਲਾ ਅੱਜ ਤੋਂ ਤਕਰੀਬਨ ਤੀਹ ਵਰ੍ਹੇ ਪਹਿਲਾਂ ਜਿਨ੍ਹਾਂ ਛੋਹਲ਼ਾ ਸੀ, ਉਨ੍ਹੀ ਹੀ ਫੁਰਤੀ ਉਸ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਸ ਵਾਰ ਮਾਨ ਸਾਹਿਬ ਦੇ ਆਸਟ੍ਰੇਲੀਆ ਦੌਰੇ ਦੌਰਾਨ ਬਾਈ ਭੋਲੇ ਨਾਲ ਮੁਲਾਕਾਤ ਹੋਈ। ਭੋਲੇ ਨਾਲ ਮੇਰੀ ਇਕ ਹੋਰ ਪੱਕੀ ਸਾਂਝ ਹੈ, ਉਹ ਹੈ ਉਸ ਦਾ ਜਨਮ ਸਥਾਨ! ਅਸਲ 'ਚ ਭੋਲੇ ਦਾ ਜਨਮ ਸਾਡੀ ਛੋਟੀ ਜਿਹੀ ਮੰਡੀ ਕਾਲਾਂਵਾਲੀ ਵਿੱਚ ਹੋਇਆ। ਇਸ ਕਾਰਨ ਵੀ ਭੋਲਾ ਮੈਨੂੰ ਸਦਾ ਹੀ ਆਪਣਾ-ਆਪਣਾ ਜਿਹਾ ਲੱਗਿਆ। ਮਾਨ ਸਾਹਿਬ ਦੇ ਪਿਛਲੇ ਆਸਟ੍ਰੇਲੀਆ ਦੌਰੇ ਦੌਰਾਨ ਜਦੋਂ ਮੇਰੀ ਮੁਲਾਕਾਤ ਮਾਨ ਸਾਹਿਬ ਨਾਲ ਹੋਈ ਤਾਂ ਉਹ ਕਹਿੰਦੇ ਭਾਈ ਤੇਰੇ ਨਾਲ ਸਾਡੀ ਇਕ ਸਾਂਝ ਹੈ, ਤੂੰ ਸਾਡੇ ਭੋਲੇ ਦੀ ਜਨਮ ਭੂਮੀ ਤੋਂ ਹੈ। ਉਸ ਵਕਤ ਪਹਿਲੀ ਵਾਰ ਮੈਨੂੰ ਇਹ ਅਹਿਸਾਸ ਹੋਇਆ ਕਿ ਮਾਨ ਸਾਹਿਬ ਦੇ ਦਿਲ ਵਿਚ ਭੋਲੇ ਪ੍ਰਤੀ ਕਿੰਨਾਂ ਸਤਿਕਾਰ ਹੈ। 

ਮਾਨ ਸਾਹਿਬ ਜਦੋਂ ਸਟੇਜ ਤੇ ਹੁੰਦੇ ਹਨ ਤਾਂ ਉਹ ਛੇਤੀ ਛੇਤੀ ਕਿਸੇ ਦਾ ਨਾਂ ਨਹੀਂ ਲੈਂਦੇ। ਪਰ ਇਕ ਸਚਾਈ ਇਹ ਵੀ ਹੈ ਕਿ ਸ਼ਾਇਦ ਹੀ ਮਾਨ ਸਾਹਿਬ ਦੀ ਕੋਈ ਇਹੋ ਜਿਹੀ ਸਟੇਜ ਹੋਵੇ, ਜਿੱਥੇ ਉਹ ਭੋਲੇ ਦਾ ਜ਼ਿਕਰ ਨਾ ਕਰਦੇ ਹੋਣ। ਉਨ੍ਹਾਂ ਇਸ ਵਾਰ ਐਡੀਲੇਡ ਸ਼ੋਅ ਵਿਚ ਜੋ ਗੱਲਾਂ ਭੋਲੇ ਬਾਰੇ ਸਟੇਜ ਤੇ ਕਹੀਆਂ, ਉਨ੍ਹਾਂ ਵਿਚੋਂ ਜਿਸ ਗੱਲ ਨੇ ਮੈਨੂੰ ਬਹੁਤ ਟੁੰਬਿਆ, ਉਹ 1982 ਦੀ ਘਟਨਾ ਸੀ । ਮਾਨ ਸਾਹਿਬ ਕਹਿੰਦੇ ਕਿ ਸਾਨੂੰ ਕੈਨੇਡਾ ਤੋਂ ਪ੍ਰੋਗਰਾਮ ਕਰਨ ਦਾ ਸੁਨੇਹਾ ਮਿਲਿਆ ਤੇ ਅਸੀਂ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਕਿ ਢੋਲਕੀ ਵਾਲੇ ਦੀ ਕੋਈ ਲੋੜ ਨਹੀਂ ਹੈ, ਉਹ ਤਾਂ ਸਾਡੇ ਗੁਰਦੁਆਰੇ ਵਾਲਾ ਭਾਈ ਵਜਾ ਦੇਵੇਗਾ। ਛੇ ਮਹੀਨੇ ਬੀਤ ਗਏ ਪਰ ਵੀਜ਼ਾ ਨਾ ਲੱਗਿਆ। ਉਸ ਵਕਤ ਉਹ ਕਹਿੰਦੇ ਚਲੋ ਤੁਹਾਡੇ ਢੋਲਕੀ ਵਾਲੇ ਦਾ ਪਾਸਪੋਰਟ ਵੀ ਦੇ ਦਿਓ। ਅਸੀਂ ਇਕੋ ਦਿਨ 'ਚ ਭੋਲੇ ਦਾ ਪਾਸਪੋਰਟ ਬਣਾ ਕੇ ਭੇਜ ਦਿੱਤਾ ਤੇ ਜਿਹੜੇ ਅਸੀਂ ਪੰਜ ਬੰਦੇ, ਛੇ ਮਹੀਨਿਆਂ ਤੋਂ ਵੀਜ਼ੇ ਲਈ ਤਰਸ ਰਹੇ ਸੀ, ਉਹ ਵੀਜ਼ਾ ਭੋਲੇ ਦੇ ਅਪਲਾਈ ਕਰਨ ਨਾਲ ਸਾਰਿਆਂ ਦਾ ਆ ਗਿਆ। ਮਾਨ ਸਾਹਿਬ ਕਹਿੰਦੇ ਭਾਈ ਉਸੇ ਦਿਨ ਤੋਂ ਅਸੀਂ ਸਮਝ ਗਏ ਸੀ ਕਿ ਭੋਲਾ ਲੱਕੜ ਹੈ ਤੇ ਅਸੀਂ ਲੋਹਾ, ਸੋ ਅਸੀਂ ਇਸ ਨਾਲ ਤਰ ਗਏ। ਉਸ ਵਕਤ ਸੁਣਨ ਵਾਲਿਆਂ ਨੂੰ ਧੁੜਧੁੜੀ ਨਿਕਲੀ ਜਦੋਂ ਮਾਨ ਸਾਹਿਬ ਨੇ ਕਿਹਾ ਕਿ ਅੱਜ ਗੁਰਦਾਸ ਕਰ ਕੇ ਭੋਲਾ ਨਹੀਂ, ਭੋਲੇ ਕਰ ਕੇ ਗੁਰਦਾਸ ਹੈ। ਵਿਚਾਰਨਯੋਗ ਹੈ ਕਿ ਇੱਕ ਪਾਸੇ ਮਾਨ ਸਾਹਿਬ ਨਾਲ ਰੱਬੀ ਸਬੱਬੀਂ ਇਕ ਫ਼ੋਟੋ ਖਿਚਵਾਉਣ ਵਾਲਾ ਵੀ ਮਾੜੇ-ਧੀੜੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਪਰ ਦੂਜੇ ਪਾਸੇ ਪੈਂਤੀ ਵਰ੍ਹਿਆਂ ਤੋਂ ਮਾਨ ਸਾਹਿਬ ਦੇ ਦਿਲ 'ਚ ਥਾਂ ਬਣਾਈ ਬੈਠਾ ਇਹ ਫ਼ੱਕਰ ਹੈ, ਜੋ ਕਦੇ ਫੜ ਮਾਰਦਾ ਨਹੀਂ ਦਿਸਦਾ।

ਭੋਲਾ ਮਾਨ ਸਾਹਿਬ ਦਾ ਪੱਕਾ ਸਾਥੀ ਹੈ ਪਰ ਫੇਰ ਵੀ ਖ਼ਾਲੀ ਵਕਤ ਉਹ ਕਦੇ ਕਿਸੇ ਨੂੰ ਮੱਦਦ ਤੋਂ ਜਵਾਬ ਨਹੀਂ ਦਿੰਦਾ, ਚਾਹੇ ਕੋਈ ਨੌਸਖੀਆ ਕਲਾਕਾਰ ਹੋਵੇ ਜਾਂ ਕਿਸੇ ਕਾਲਜ 'ਚ ਕੁੜੀਆਂ ਦੇ ਗਿੱਧੇ 'ਚ ਢੋਲਕੀ ਵਜਾਉਣੀ ਹੋਵੇ, ਉਹ ਕਦੇ ਨਖ਼ਰੇ ਨਹੀਂ ਕਰਦਾ। ਇਕ ਵਾਰ ਦੀ ਗੱਲ ਹੈ ਜਦ ਕਿ ਵੀਰ ਦਵਿੰਦਰ ਨੇ ਨਵਾਂ-ਨਵਾਂ ਗਾਉਣਾ ਸ਼ੁਰੂ ਕੀਤਾ ਸੀ । ਉਸ ਵੇਲੇ ਉਹ ਹਰਦੇਵ ਮਾਹੀਨੰਗਲ ਨਾਲ ਸਟੇਜ ਕਰਿਆ ਕਰਦਾ ਸੀ । ਇਕ ਦਿਨ ਉਸ ਨੂੰ ਕੋਈ ਪ੍ਰੋਗਰਾਮ ਮਿਲ ਗਿਆ ਤੇ ਉਹ ਮੇਰੇ ਕੋਲ ਗੈਸ ਸਿਲੰਡਰ ਲੈਣ ਆਇਆ ਤੇ ਕਹਿੰਦਾ ਕਿ ਮੈਂ ਭੋਲੇ ਨੂੰ ਮਾਡਲ ਟਾਊਨ ਤੋਂ ਚੜ੍ਹਾ ਲਿਆਵਾਂ। ਮੈਂ ਹੈਰਾਨ ਹੁੰਦੇ ਕਿਹਾ ਕਿ ਉਹ ਤੇਰੇ ਨਾਲ ਜਾਵੇਗਾ! ਮੈਨੂੰ ਲਗਦਾ ਉਤਨੇ ਪੈਸੇ ਤਾਂ ਤੈਨੂੰ ਪ੍ਰੋਗਰਾਮ ਦੇ ਨਹੀਂ ਮਿਲਣੇ ਜਿੰਨੇ ਭੋਲਾ ਮੰਗੂ। ਅੱਗੋਂ ਵੀਰ ਦਵਿੰਦਰ ਨੇ ਦੱਸਿਆ ਕਿ ਉਹ ਤਾਂ ਫ਼ੱਕਰ ਬੰਦਾ ਹੈ, ਬਿਨਾਂ ਪੈਸਿਆਂ ਦੇ ਵੀ ਨਾਲ ਤੁਰ ਪਏਗਾ। 

ਭੋਲੇ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਜਦੋਂ ਵਿਹਲਾ ਹੁੰਦਾ ਤਾਂ ਜਗਰਾਤੇ ਵੀ ਕਰਦਾ ਤੇ ਇਕ ਵਾਰ ਮੈਂ ਬਠਿੰਡੇ ਤੋਂ ਕਾਲਾਂਵਾਲੀ ਨੂੰ ਰੇਲਗੱਡੀ 'ਚ ਜਾ ਰਿਹਾ ਸਾਂ ਤਾਂ ਭੋਲਾ ਸਾਡੇ ਇੱਕ ਲੋਕਲ ਗਾਇਕ ਭੁਪਿੰਦਰ ਸਰਾ ਨਾਲ ਮੇਰੇ ਵਾਲੇ ਡੱਬੇ 'ਚ ਆ ਚੜ੍ਹਿਆ। ਸੁਭਾਅ ਦਾ ਮਜ਼ਾਕੀਆ ਭੋਲਾ ਆਪਣੀ ਇਕ ਹੱਡ ਬੀਤੀ ਸੁਣਾਉਣ ਲੱਗ ਪਿਆ ਕਹਿੰਦਾ ਯਾਰ ਕੱਲ੍ਹ ਤਾਂ ਬਹੁਤ ਭੈੜੀ ਹੋਈ ਮੈਂ ਤਾਂ ਮਸਾਂ ਹੀ ਬਚਿਆ। ਉਸ ਨੇ ਆਪਣੇ ਨਾਲ ਬੀਤਿਆ ਜੋ ਹਾਦਸਾ ਉਸ ਦਿਨ ਸੁਣਾਇਆ, ਮੇਰੇ ਹੁਣ ਵੀ ਜਦੋਂ ਯਾਦ ਆ ਜਾਵੇ ਤਾਂ ਹਾਸਾ ਨਿਕਲ ਜਾਂਦਾ ਹੈ।

ਲਓ ਤੁਸੀਂ ਵੀ ਸੁਣ ਲਵੋ; ਅੱਜ ਕੱਲ੍ਹ ਜਗਰਾਤਿਆਂ 'ਚ ਇਕ ਨਵਾਂ ਟ੍ਰੇਂਡ ਚਲਿਆ ਕਿ ਇਕ ਨਿੱਕੀ ਕੁੜੀ ਨੂੰ ਮਾਤਾ ਦਾ ਰੂਪ ਧਰਵਾ ਦਿਤਾ ਜਾਂਦਾ ਤੇ ਇਕ ਬੰਦੇ ਨੂੰ ਸ਼ੇਰ ਦੀ ਵਰਦੀ ਪੁਆ ਦਿੱਤੀ ਜਾਂਦੀ ਹੈ। ਜਦੋਂ ਭਗਤ ਭੇਂਟਾਂ ਗਾਉਂਦੇ ਹਨ ਤਾਂ ਮਾਤਾ ਸ਼ੇਰ ਤੇ ਚੜ੍ਹ ਕੇ ਉਥੇ ਹਾਜ਼ਰ ਹੁੰਦੀ ਹੈ। ਬਠਿੰਡੇ ਇਕ ਜਗਰਾਤੇ 'ਚ ਭੋਲੇ ਦੀ ਸ਼ੇਰ ਬਣਨ ਦੀ ਡਿਊਟੀ ਲੱਗ ਗਈ। ਸਾਰੇ ਕਲਾਕਾਰ ਗੁਆਂਢੀਆਂ ਦੀ ਬੈਠਕ 'ਚ ਤਿਆਰ ਹੋ ਰਹੇ ਸਨ। ਭੋਲਾ ਵੀ ਸ਼ੇਰ ਦੀ ਵਰਦੀ ਪਾ ਕੇ ਤਿਆਰ ਸੀ ਤੇ ਉਧਰ ਭਗਤ ਜ਼ੋਰ ਜ਼ੋਰ ਨਾਲ ਸ਼ੇਰ ਜੀ ਨੂੰ ਬੇਨਤੀ ਕਰ ਰਹੇ ਸਨ ਕਿ ਮਾਤਾ ਨੂੰ ਲੈ ਕੇ ਆਓ। ਭੋਲਾ ਕਹਿੰਦਾ ਮੈਂ ਗਲੀ 'ਚ ਭੁੱਲ ਕੇ ਚਾਰੇ ਪੈਰਾਂ ਤੇ ਤੁਰ ਕੇ ਜਗਰਾਤੇ ਵਾਲੇ ਘਰ ਜਾਣ ਲੱਗਿਆ ਤਾਂ ਕੁੱਤਿਆਂ ਨੇ ਦੇਖ ਲਿਆ। ਉਨ੍ਹਾਂ ਸੋਚਿਆ ਕਿ ਆਹ ਅਜੀਬ ਜਿਹਾ ਜਾਨਵਰ ਕਿਥੋਂ ਆ ਗਿਆ? ਬੱਸ ਫੇਰ ਕੀ ਸੀ ਜਦੋਂ ਨੂੰ ਮੈਨੂੰ ਸੁਰਤ ਆਉਂਦੀ ਪੰਜ-ਛੇ ਕੁੱਤੇ ਮੇਰੇ ਮਗਰ ਪੈ ਗਏ। ਇੱਕ ਨੇ ਤਾਂ ਮੇਰੀ ਪੂਛ ਪੱਟ ਦਿੱਤੀ। ਕਿਵੇਂ ਨਾ ਕਿਵੇਂ ਮੈਂ ਗਲੀਆਂ ਚੋਂ ਭੱਜਦਾ ਹੋਇਆ ਮਹਿਣਾਂ ਚੌਂਕ ਦੇ ਕੋਲ ਇਕ ਵੱਡੇ ਬੈਂਚ ਉਤੇ ਚੜ੍ਹ ਗਿਆ। ਉਧਰ ਭਗਤਾਂ ਦੀਆਂ ਰਗਾਂ ਬਹਿ ਗਈਆਂ ਸ਼ੇਰ ਜੀ ਨੂੰ ਅਰਜ਼ਾਂ ਕਰਦਿਆਂ ਦੀਆਂ। ਏਧਰ ਭੋਲਾ ਬੈਂਚ ਤੇ ਚੜ੍ਹ ਕੇ ਕੁਰਲਾਈ ਜਾਵੇ ਕਿ ''ਮੈਂ ਬਠਿੰਡੇ ਵਾਲਾ ਭੋਲਾ ਹਾਂ''। ਪਰ ਅਨਪੜ੍ਹ ਕੁੱਤਿਆਂ ਨੂੰ ਕੌਣ ਸਮਝਾਵੇ। ਕੁਦਰਤੀਂ ਭੋਲੇ ਨੂੰ ਭਾਲਦੇ ਜਗਰਾਤੇ ਵਾਲੇ ਮੁੰਡੇ ਉੱਥੇ ਆਏ ਤੇ ਭੋਲਾ ਬੈਂਚ ਤੋਂ ਥੱਲੇ ਉਤਰਿਆ। 

ਭੋਲੇ ਦਾ ਅਸਲੀ ਨਾਂ ਬਹੁਤ ਘੱਟ ਲੋਕ ਜਾਣਦੇ ਹੋਣਗੇ । ਉਸ ਦਾ ਅਸਲੀ ਨਾਂ ਜਸਵੰਤ ਸਿੰਘ ਭੋਲਾ ਹੈ । ਅੱਜ ਕੱਲ੍ਹ ਉਹ ਬਠਿੰਡੇ ਮਾਡਲ ਟਾਊਨ 'ਚ ਰਹਿ ਰਿਹਾ ਹੈ । ਉਨ੍ਹਾਂ ਦੇ ਪਿਤਾ ਜੀ ਮਾਸਟਰ ਚੰਚਲ ਸਿੰਘ ਵੱਖ ਵੱਖ ਥਾਂ ਤੇ ਨੌਕਰੀ ਕਰਦੇ ਰਹੇ ਹਨ। ਉਨ੍ਹਾਂ ਦੀ ਕਾਲਾਂਵਾਲੀ ਮੰਡੀ 'ਚ ਡਿਊਟੀ ਦੌਰਾਨ ਭੋਲੇ ਦਾ ਜਨਮ ਹੋਇਆ। ਉਸ ਵੇਲੇ ਕਾਲਾਂਵਾਲੀ ਅਣਵੰਡੇ ਪੰਜਾਬ ਦਾ ਹਿੱਸਾ ਸੀ ਤੇ ਅੱਜ ਕੱਲ੍ਹ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿਚ ਪੈਂਦੀ ਹੈ। ਆਪਣੇ ਪਿਤਾ ਦੀ ਬਦਲੀ ਦੇ ਨਾਲ ਨਾਲ ਭੋਲਾ ਵੀ ਸ਼ਹਿਰ ਬਦਲਦਾ ਰਿਹਾ। ਇਸ ਦੌਰਾਨ ਉਹ ਕੁਝ ਵਕਤ ਡੱਬਵਾਲੀ ਰਿਹਾ। ਘਰ ਦਿਆਂ ਨੇ ਉਸ ਨੂੰ ਆਪਣੇ ਪੁਸ਼ਤੈਨੀ ਧੰਦੇ ਗੰਨ ਹਾਊਸ ਵੱਲ ਜਾਣ ਲਈ ਪ੍ਰੇਰਿਆ, ਜੋ ਕਿ 'ਨੇਤਾ ਜੀ' ਗੰਨ ਹਾਊਸ ਦੇ ਨਾਂ ਤੇ ਬੰਦੂਕਾਂ ਦੀ ਮੁਰੰਮਤ ਦਾ ਕੰਮ ਕਰਦੇ ਸਨ। ਪਰ ਭੋਲਾ ਤਾਂ ਚਾਰ ਕਿੱਲੋ ਵਾਲੀ ਖਜੂਰਾਂ ਵਾਲੀ ਖ਼ਾਲੀ ਪੀਪੀ 'ਚ ਸੁੱਬੀ ਪਾ ਕੇ ਉਸ ਵਿਚੋਂ ਤਾਲ ਭਾਲਦਾ ਫਿਰਦਾ ਸੀ। ਉਸ ਨੂੰ ਬੰਦੂਕਾਂ ਦਾ ਧੰਦਾ ਕਿਥੇ ਚੰਗਾ ਲਗਦਾ ਸੀ? ਭੋਲਾ ਕਹਿੰਦਾ ਹੈ ਕਿ ਆਪਾਂ ਰੱਬ ਦੀਆਂ ਬਣਾਈਆਂ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਬੰਦੇ ਹਾਂ ਤੇ ਬੰਦੂਕ ਜਦੋਂ ਚਲਦੀ ਹੈ ਤਾਂ ਚੰਗਾ ਨਹੀਂ ਕਰਦੀ। ਆਪਾਂ ਤਾਂ ਢੋਲਕੀ ਵਜਾ ਕੇ ਹੀ ਆਪਣਾ ਯਾਰ ਮਨਾਉਣਾ ਹੈ। ਮਾਨ ਸਾਹਿਬ ਦੀ ਮੁਲਾਕਾਤ ਦੇ ਸੰਬੰਧ 'ਚ ਭੋਲੇ ਨੇ ਦੱਸਿਆ ਕਿ ਮੈਂ 1976 ਦੇ ਕਰੀਬ ਗਿੱਦੜਬਾਹਾ ਪੜ੍ਹਦਾ ਹੁੰਦਾ ਸੀ। ਸਾਡੇ ਘਰ ਤੋਂ ਸਕੂਲ ਦੇ ਰਾਹ 'ਚ ਮਾਨ ਸਾਹਿਬ ਹੋਰਾਂ ਦਾ ਘਰ ਪੈਂਦਾ ਸੀ। ਜਦੋਂ ਛੁੱਟੀ ਹੋਣੀ ਮਾਨ ਸਾਹਿਬ ਨੇ ਗਲੀ 'ਚੋਂ ਜਾਂਦੇ ਨੂੰ ਆਪਣੇ ਚੁਬਾਰੇ 'ਚ ਆਵਾਜ਼ ਮਾਰ ਲੈਣੀ ਤੇ ਆਪਾਂ ਆਪਣੀ ਪੀਪੀ ਕੱਢ  ਲੈਣੀ। ਬੱਸ ਫੇਰ ਕੀ ਸੀ, ਕਦੇ ਕਦੇ ਹਾਕਮ ਬਾਈ ਨੇ ਆ ਰਲਣਾ ਤੇ ਘਰ ਦੇ ਭਾਲਦੇ ਫਿਰਦੇ ਕਿ ਪਤਾ ਨਹੀਂ ਸਕੂਲੋਂ ਲੇਟ ਕਿਉਂ ਹੋ ਗਿਆ। ਬੱਸ ਫੇਰ ਇਕ ਦਿਨ ਮਾਨ ਸਾਹਿਬ ਆਪਣੇ ਨਾਲ ਪਟਿਆਲੇ ਲੈ ਆਏ। ਬੱਸ ਫੇਰ ਚੱਲ ਸੋ ਚੱਲ । 

ਭੋਲੇ ਨੂੰ ਇਹ ਸਵਾਲ ਕਰਨਾ ਤਾਂ ਹਾਸੋਹੀਣਾ ਹੈ ਕਿ ਕਿੰਨੇ ਮੁਲਕਾਂ 'ਚ ਤੇ ਕਿੰਨੀ ਵਾਰੀ ਜਾ ਆਏ ਹੋ। ਇਸ ਦੇ ਜਵਾਬ 'ਚ ਭੋਲਾ ਕਹਿੰਦਾ ਹੁੰਦਾ ਬਾਈ ਏਨਾ ਤਾਂ ਪਤਾ ਨਹੀਂ ਪਰ ਹੁਣ ਤੱਕ ਛੇ ਸੱਤ ਪਾਸਪੋਰਟ ਮੋਹਰਾਂ ਲਗਵਾ ਲਗਵਾ ਕੇ ਭਰ ਦਿੱਤੇ ਹਨ। ਹਾਂ ਆਸਟ੍ਰੇਲੀਆ ਦਾ ਯਾਦ ਐ, ਆਹ ਪੰਜਵਾਂ ਗੇੜਾ ਮੇਰਾ। ਅਮਰੀਕਾ, ਕੈਨੇਡਾ ਤੇ ਇੰਗਲੈਂਡ ਤਾਂ ਹੁਣ ਗਿਣਤੀ ਤੋਂ ਬਾਹਰ ਹੋ ਗਏ ਨੇ।

ਐਡੀਲੇਡ ਵਿਖੇ ਸ਼ੋਅ ਦੀ ਸਮਾਪਤੀ 'ਤੇ ਜਦ ਭੋਲੇ ਨਾਲ ਮੁਲਾਕਾਤ ਹੋਈ ਤਾਂ ਉਹ ਆਪਣੇ ਸਾਜ਼ ਸੰਭਾਲਣ 'ਚ ਵਿਅਸਤ ਸੀ ਪਰ ਉਸ ਨੇ ਅਗਲੇ ਦਿਨ ਮਿਲਣ ਦਾ ਵਾਦਾ ਕੀਤਾ। ਸੋਮਵਾਰ ਨੂੰ ਮੈਂ ਹਰਮਨ ਰੇਡੀਓ ਦੇ ਆਪਣੇ ਹਫ਼ਤਾਵਾਰੀ ਟਾਕ ਸ਼ੋਅ ਲਹਿਰਾਂ 'ਚ ਵਿਅਸਤ ਸਾਂ ਤਾਂ ਭੋਲੇ ਦੁਆਰਾ ਪਰਾਣੀਆ ਯਾਦਾਂ ਤਾਜ਼ਾ ਕਰਨ ਦਾ ਸੁਨੇਹਾ ਆਇਆ । ਮੈਂ ਤੇ ਮੇਰਾ ਮਿੱਤਰ ਦਵਿੰਦਰ ਧਾਲੀਵਾਲ ਜਦੋਂ ਹੋਟਲ ਐਂਬਸੀ ਪੁੱਜੇ ਤਾਂ ਉਹ ਮਾਨ ਸਾਹਿਬ ਦੇ ਕਮਰੇ 'ਚ ਸੀ। ਏਨੇ 'ਚ ਉਥੇ ਮਾਨ ਸਾਹਿਬ ਦੇ ਦੋ ਸਾਜ਼ੀ ਆ ਗਏ। ਉਨ੍ਹਾਂ ਨੂੰ ਭੋਲੇ ਨਾਲ ਮਿੱਤਰਤਾ ਬਾਰੇ ਦੱਸਿਆ ਤਾਂ ਉਹ ਬੜੇ ਸਤਿਕਾਰ ਨਾਲ ਆਪਣੇ ਕਮਰੇ 'ਚ ਲੈ ਗਏ। ਉਥੇ ਪਹਿਲਾਂ ਤੋਂ ਹੀ ਮਾਨ ਸਾਹਿਬ ਦਾ ਇਕ ਹੋਰ ਪੁਰਾਣਾ ਸਾਥੀ ਜੱਸੀ ਅਤੇ ਕੁਝ ਹੋਰ ਬੰਦੇ ਮੌਜੂਦ ਸਨ। ਪਹਿਲੀ ਨਜ਼ਰੇ ਉਨ੍ਹਾਂ ਨੇ ਸਾਨੂੰ ਪੱਤਰਕਾਰ ਸਮਝ ਲਿਆ ਤੇ ਜੱਸੀ ਦੀਆਂ ਗੱਲਾਂ 'ਚੋਂ ਪੱਤਰਕਾਰਾਂ ਪ੍ਰਤੀ ਕੁਝ ਗਿਲਾ ਜਿਹਾ ਝਲਕਿਆ। ਉਸ ਕਿਹਾ ਕਿ ਲੋਕ ਬਿਨਾਂ ਗੱਲ ਦੀ ਤਹਿ ਤੱਕ ਗਿਆਂ, ਬੇ ਸਿਰ ਪੈਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਪਰ ਮਾਨ ਸਾਹਿਬ ਨੂੰ ਇਹਨਾਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ । ਉਹ ਜੋ ਕੁਝ ਵੀ ਹਨ, ਸਭ ਦੇ ਸਾਹਮਣੇ ਹਨ। ਬਾਕੀ ਮਾਨ ਸਾਹਿਬ ਨੂੰ ਅਜਿਹੀਆਂ ਗੱਲਾਂ ਦਾ ਜੁਆਬ ਵੀ ਨਹੀਂ ਦੇਣਾ ਪੈਂਦਾ ਕਿਉਂਕਿ ਮਾਨ ਸਾਹਿਬ ਦੇ ਚਾਹੁਣ ਵਾਲੇ ਆਪ ਹੀ ਜਵਾਬ ਦੇ ਦਿੰਦੇ ਹਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਪੱਤਰਕਾਰ ਨਹੀਂ ਹਾਂ, ਮੈਂ ਤਾਂ ਉਨ੍ਹਾਂ ਲੋਕਾਂ ਦਾ ਕਦਰਦਾਨ ਹਾਂ ਜਿੰਨ੍ਹਾਂ ਨੇ ਕੁਝ ਵੱਖਰਾ ਕੀਤਾ ਹੈ।ਮੈਂ ਨਾ ਕਦੇ ਗੁਰਦਾਸ ਮਾਨ ਨੂੰ ਵੱਡਾ ਤੇ ਨਾ ਕਦੇ ਇਕ ਢੋਲਕੀ ਵਜਾਉਣ ਵਾਲੇ ਨੂੰ ਛੋਟਾ ਸਮਝਿਆ ਤੇ ਪੰਜ ਚਾਰ ਮਿੰਟਾਂ 'ਚ ਸਾਡਾ ਵਿਰੋਧਾਭਾਸ ਖ਼ਤਮ ਹੋ ਗਿਆ ਤੇ ਅਸੀਂ ਇਕ ਦੂਜੇ ਦੇ ਮਕਸਦ ਨੂੰ ਸਮਝ ਗਏ। 

ਏਨੇ ਨੂੰ ਭੋਲਾ ਆ ਗਿਆ ਕਹਿੰਦਾ ਬਾਈ ਮਾਨ ਸਾਹਿਬ ਨੇ ਟਾਈਮ ਲਗਵਾ ਦਿੱਤਾ, ਤੈਨੂੰ ਪਤਾ ਬਰਾੜ ਬਾਈ ਮੈਂ ਇਕ ਵੇਲੇ ਰੱਬ ਦੀ ਗੱਲ ਟਾਲ ਦੇਵਾਂ ਪਰ ਬਾਈ ਦੀ ਗੱਲ ਨਹੀਂ ਟਾਲ ਸਕਦਾ। ਉਸ ਵਕਤ ਤੱਕ ਮਾਨ ਸਾਹਿਬ ਦੇ ਤਕਰੀਬਨ ਸਾਰੇ ਸਾਥੀ ਉੱਥੇ ਆ ਗਏ ਸਨ। ਭੋਲਾ ਕਹਿੰਦਾ ਬਾਈ ਆਹ ਬਾਈ ਜੱਸੀ ਆ। ਸਾਡਾ ਸਾਥ 30 ਵਰ੍ਹਿਆਂ ਤੋਂ ਹੈ। ਅਸੀਂ ਇਕ ਦੂਜੇ ਨਾਲ ਜਿਨ੍ਹਾਂ ਮਰਜ਼ੀ ਲੜੀਏ ਭਿੜੀਏ ਪਰ ਕਿਤੇ ਜਾਈਏ, ਰਹਿੰਦੇ ਇਕ ਕਮਰੇ 'ਚ ਹੀ ਹਾਂ। ਆਹ ਬਾਈ ਤੁਲਸੀ ਹੈ ਇਹ ਤੁਹਾਡੇ ਜ਼ਿਲ੍ਹੇ ਸਿਰਸੇ ਤੋਂ ਹੈ। ਜਦੋਂ ਮੈਂ ਮੁੜ ਕੇ ਦੇਖਿਆ ਤਾਂ ਤੁਲਸੀ ਮੇਰੇ ਝੱਟ ਪਛਾਣ 'ਚ ਆ ਗਿਆ। ਕਿਉਂਕਿ ਉਸ ਨਾਲ ਵੀ ਜ਼ਿੰਦਗੀ ਦਾ ਇਕ ਕਿੱਸਾ ਜੁੜਿਆ ਹੋਇਆ ਸੀ। ਜਦੋਂ ਮੈਂ ਉਸ ਨੂੰ ਯਾਦ ਕਰਵਾਇਆ ਤਾਂ ਉਹ ਬਹੁਤ ਖ਼ੁਸ਼ ਹੋਇਆ ਤੇ ਸਾਨੂੰ ਇੰਝ ਲੱਗੇ ਜਿਵੇਂ ਕੋਈ ਰਿਸ਼ਤੇਦਾਰੀ ਨਿਕਲ ਆਈ ਹੋਵੇ। ਗ਼ਰੀਬ ਘਰੇ ਜੰਮਿਆ ਤੁਲਸੀ ਕੀ ਬੋਰਡ ਦਾ ਇਕ ਬਹੁਤ ਹੀ ਪਰਪੱਕ ਕਲਾਕਾਰ ਹੈ ਤੇ ਪਿਛਲੇ ਕਾਫ਼ੀ ਵਕਤ ਤੋਂ ਉਹ ਭੋਲੇ ਕਾਰਨ ਮਾਨ ਸਾਹਿਬ ਦਾ ਸਾਥ ਮਾਣ ਰਿਹਾ ਹੈ। 

ਜਾਣ ਪਹਿਚਾਣ ਤੋਂ ਬਾਅਦ ਅਸੀਂ ਪੁਰਾਣੇ ਦੁੱਖ ਸੁੱਖ ਫਰੋਲਣ ਲੱਗ ਪਏ ਤੇ ਨਾਲ ਨਾਲ ਭੋਲਾ ਚਾਹ ਬਣਾਉਣ ਲੱਗ ਪਿਆ। ਕਹਿੰਦਾ ਬਈ ਬਠਿੰਡੇ ਵਾਲੀ ਬਣਾਊਂ, ਤੂੰ ਵੀ ਕੀ ਯਾਦ ਰੱਖੇਗਾ! ਮੈਂ ਕਿਹਾ ਤੁਹਾਡਾ ਹਰ ਗੱਲ 'ਤੇ ਬਾਈ ਕਹਿਣਾ ਹੀ ਮੈਨੂੰ ਬਠਿੰਡੇ ਦੀ ਯਾਦ ਦੁਆ ਰਿਹਾ ਹੈ, ਸੋ ਚਾਹ ਕਿਉਂ ਨਾ ਬਠਿੰਡਾ ਯਾਦ ਕਰਵਾਊ! ਚਾਹ ਪੀਣ ਤੋਂ ਬਾਅਦ ਜਦੋਂ ਅਸੀਂ ਰੇਡੀਓ ਲਈ ਰਿਕਾਰਡਿੰਗ ਕਰ ਰਹੇ ਸਾਂ ਤਾਂ ਭੋਲੇ ਦੇ ਬਾਕੀ ਸਾਥੀ ਉਸ ਨੂੰ ਛੇੜਨੋਂ ਨਾ ਹਟੇ। ਵਾਰ ਵਾਰ ਗੱਲ ਕਰਦਾ ਭੋਲਾ ਉਨ੍ਹਾਂ ਨਾਲ ਹੱਸ ਪਿਆ ਕਰੇ। ਉਸ ਦੀਆਂ ਕਈ ਹਰਕਤਾਂ ਬਿਲਕੁਲ ਬੱਚਿਆਂ ਵਰਗੀਆਂ ਲਗਦੀਆਂ ਸਨ। ਪਰ ਮੇਰੇ ਹਰ ਸਵਾਲ ਦੇ ਜਵਾਬ 'ਚ ਉਹ ਦਿਲ ਖੋਲ੍ਹ ਕੇ ਬੋਲਿਆ। ਉਸ ਨੇ ਸਾਰੀ ਵਿਆਖਿਆ ਬਿਆਨ ਕਰ ਦਿੱਤੀ ਕਿ ਕਿਵੇਂ ਉਹ ਪੀਪੀ ਵਜਾਉਂਦਾ ਵਜਾਉਂਦਾ ਢੋਲਕੀ ਮਾਸਟਰ ਬਣ ਗਿਆ। 

ਉਹ ਕਹਿੰਦਾ ਚਾਹੇ ਅੱਜ ਉਸ ਕੋਲੋਂ ਸਿੱਖ ਕੇ ਬਹੁਤ ਸਾਰੇ ਮੁੰਡੇ ਢੋਲਕੀ ਮਾਸਟਰ ਬਣ ਗਏ ਪਰ ਸੱਚ ਦੱਸਾਂ ਮੈਂ ਕਦੇ ਕਿਸੇ ਤੋਂ ਕੁਝ ਨਹੀਂ ਸਿੱਖਿਆ। ਜਦੋਂ ਮੈਂ ਮਾਨ ਸਾਹਿਬ ਦੇ ਗੀਤ ਛੱਲੇ 'ਤੇ ਢੋਲਕੀ ਵਜਾਉਂਦਾ ਹਾਂ ਤਾਂ ਆਪਣੀ ਸੁੱਧ ਬੁੱਧ ਭੁੱਲ ਜਾਂਦਾ ਹਾਂ। ਹੋਰ ਤਾਂ ਹੋਰ ਅੱਜ ਕੱਲ੍ਹ ਢੋਲਕੀ ਦੀਆਂ ਕੁਝ ਤਾਲਾਂ ਦੇ ਨਾਂ ਵੀ ਉਸ ਦੇ ਨਾਂ ਉਤੇ ਪੈ ਗਏ ਹਨ। ਜਿਨ੍ਹਾਂ ਵਿਚੋਂ 'ਬਠਿੰਡੇ ਵਾਲਾ ਠੇਕਾ' ਤਾਲ ਬਹੁਤ ਮਸ਼ਹੂਰ ਹੈ। ਢੋਲਕੀ ਵਜਾਉਣਾ ਨਾ ਉਸ ਦਾ ਪੁਸ਼ਤੈਨੀ ਧੰਦਾ ਸੀ ਅਤੇ ਨਾਂ ਹੀ ਉਸ ਦੇ ਬੱਚੇ ਇਸ ਲਾਈਨ 'ਚ ਜਾਣਾ ਚਾਹੁੰਦੇ ਹਨ। ਭੋਲਾ ਦੱਸਦਾ ਹੈ ਕਿ ਸ਼ੁਰੂ ਸ਼ੁਰੂ 'ਚ ਮੇਰੇ ਪਰਿਵਾਰ ਨੂੰ ਇਸ ਸ਼ੌਂਕ ਤੋਂ ਬਹੁਤ ਤਕਲੀਫ਼ ਸੀ ਪਰ ਵੱਡੇ ਭਰਾ ਨੇ ਜਦੋਂ ਕੀਰਤਨ ਕਰਨਾ ਤਾਂ ਮੈਨੂੰ ਆਪਣੇ ਨਾਲ ਉਤਸ਼ਾਹਿਤ ਕਰਨਾ। ਸ਼ੁਰੂ ਦੇ ਸਾਲਾਂ ਵਿਚ ਉਸ ਨੇ ਡਰਾਮਾ, ਰਾਮ-ਲੀਲ੍ਹਾ ਆਦਿ ਵਿਚ ਐਕਟਿੰਗ ਵੀ ਕੀਤੀ ਅਤੇ ਬਾਅਦ ਮਾਨ ਸਾਹਿਬ ਨੇ ਉਸ ਨੂੰ ਫ਼ਿਲਮ 'ਕੀ ਬਣੂ ਦੁਨੀਆਂ ਦਾ' ਵਿਚ ਸੁਨਹਿਰੀ ਪਰਦੇ 'ਤੇ ਵੀ ਆਉਣ ਦਾ ਮੌਕਾ ਦਿੱਤਾ। ਵਿਆਹ ਦੇ ਮਾਮਲੇ 'ਚ ਭੋਲਾ ਕਹਿੰਦਾ ਕਿ ਉਹ ਥੋੜਾ ਜਿਹਾ ਲੇਟ ਹੋ ਗਿਆ। ਇਸੇ ਕਰ ਕੇ ਉਸ ਦੇ ਬੱਚੇ ਹਾਲੇ ਛੋਟੇ ਹਨ। ਜਿਨ੍ਹਾਂ ਵਿੱਚ ਇੱਕ ਲੜਕੀ ਸਿਮਰਨਜੀਤ ਕੌਰ ਬਾਰਾਂ ਸਾਲ ਤੇ ਇਕ ਲੜਕਾ ਹਨੀਸ਼ ਹੈਰੀ ਨੌਂ ਸਾਲ ਦਾ ਹੈ ਤੇ ਉਸ ਦੀ ਪਤਨੀ ਮਾਨਸਾ ਤੋਂ ਹੈ। 

ਮਾਨ ਸਾਹਿਬ ਤੋਂ ਮਿਲਦੇ ਪਿਆਰ ਤੋਂ ਭੋਲਾ ਬਹੁਤ ਖ਼ੁਸ਼ ਹੈ। ਉਹ ਦੱਸਦਾ ਹੈ ਕਿ ਕਦੇ ਮਾਨ ਸਾਹਿਬ ਨੇ ਬੇਗਾਨਾ ਮਹਿਸੂਸ ਹੀ ਨਹੀਂ ਹੋਣ ਦਿੱਤਾ। ਇਕ ਵਾਰ ਭੋਲੇ ਦੇ ਹੱਥ ਦਾ ਅੰਗੂਠਾ ਜ਼ਖਮੀ ਹੋ ਗਿਆ ਤੇ ਡਾਕਟਰ ਕਹਿੰਦੇ ਇਸ ਨੂੰ ਕੱਟਣਾ ਪੈਣਾ ਪਰ ਮਾਨ ਸਾਹਿਬ ਕਹਿੰਦੇ ਜਿਨ੍ਹਾਂ ਮਰਜ਼ੀ ਖ਼ਰਚਾ ਹੋ ਜਾਵੇ ਅਸੀਂ ਭੋਲੇ ਦਾ ਅੰਗੂਠਾ ਬਚਾਉਣਾ ਹੈ ਤੇ ਉਹ ਉਨ੍ਹਾਂ ਨੇ ਬਚਾ ਵੀ ਲਿਆ। ਮਨਜੀਤ ਮਾਨ ਨੂੰ ਉਹ ਭਾਬੀ ਜੀ ਕਹਿ ਕੇ ਬੁਲਾਉਂਦਾ ਹੈ ਤੇ ਉਹ ਸਭ ਦਾ ਖ਼ਿਆਲ ਬੱਚਿਆਂ ਵਾਂਗ ਕਰਦੇ ਹਨ। ਅੱਜ ਤੱਕ ਜੋ ਮਾਨ ਸਾਹਿਬ ਦਾ ਸਾਥੀ ਬਣ ਗਿਆ ਛੱਡ ਕੇ ਨਹੀਂ ਗਿਆ।  

ਦੋਸਤੋ! ਮੈਨੂੰ ਪਿਛਲੇ ਦਿਨੀਂ ਕਈ ਬੰਦਿਆਂ ਨੇ ਸਵਾਲ ਕੀਤੇ ਕਿ ਤੁਹਾਡਾ ਨਵਾਂ ਲੇਖ ਕਿਸ ਵਿਸ਼ੇ ਤੇ ਆ ਰਿਹਾ ਹੈ ਤਾਂ ਜਦੋਂ ਮੈਂ ਦੱਸਿਆ ਕਿ 'ਬਠਿੰਡੇ ਵਾਲੇ ਭੋਲੇ' 'ਤੇ ਤਾਂ ਮੂਹਰੋਂ ਇਕ ਸ਼ਖ਼ਸ ਤਾਂ ਕਹਿੰਦਾ, ''ਲਗਦਾ ਤੇਰੀ ਕਲਮ ਕੋਲ ਰਾਸ਼ਨ ਖ਼ਤਮ ਹੋ ਗਿਆ, ਜਿਹੜਾ ਅੱਜ ਕੱਲ੍ਹ ਢੋਲਕੀਆਂ ਕੁੱਟਣ ਵਾਲਿਆਂ 'ਤੇ ਲਿਖਣ ਲੱਗ ਪਿਆ, ਕੀ ਖ਼ਾਸੀਅਤ ਹੈ ਉਹ ਦੇ ਵਿਚ''? ਮੇਰਾ ਤਾਂ ਇਥੇ ਇਹ ਹੀ ਕਹਿਣਾ ਹੈ ਕਿ ਜੋ ਖ਼ਾਸੀਅਤ ਮੈਨੂੰ ਅੱਜ ਦੇ ਯੁੱਗ ਵਿਚ ਭੋਲੇ ਵਿੱਚ ਦਿਸੀ, ਉਹ ਛੇਤੀ ਕੀਤੇ ਦਿਖਾਈ ਨਹੀਂ ਦਿੰਦੀ। ਇਸ ਨੂੰ ਉਹ ਪਿਛਲੇ ਪੈਂਤੀ ਵਰ੍ਹਿਆਂ ਤੋਂ ਸਾਬਤ ਵੀ ਕਰ ਚੁੱਕਿਆ ਹੈ । ਬਾਕੀ ਇਹੋ ਜਿਹੀ ਸੋਚ ਰੱਖਣ ਵਾਲੇ ਆਲੋਚਕਾਂ ਲਈ ਇਹੀ ਕਹਾਂਗਾ ਕਿ ਇੱਕ ਪਾਸੇ ਅਸੀਂ ਜਗਤ ਗੁਰੂ ਬਾਬਾ ਨਾਨਕ ਜੀ ਦੇ ਪੈਰੋਕਾਰ ਕਹਾਉਂਦੇ ਹਾਂ ਤੇ ਦੂਜੇ ਪਾਸੇ ਸਾਡੇ ਨਜ਼ਰੀਏ ਦੀ ਤੰਗੀ ਦੇਖੋ ਕਿ ਅਸੀਂ ਬੰਦੇ ਨੂੰ ਉਸ ਦੀ ਜਾਤ ਅਤੇ ਕਰਮ ਦੇ ਹਿਸਾਬ ਨਾਲ ਸਤਿਕਾਰਦੇ ਹਾਂ। ਥੋੜ੍ਹਾ ਜਿਹਾ ਨਜ਼ਰੀਆ ਵੱਡਾ ਕਰ ਕੇ ਦੇਖੋ ਤੁਹਾਨੂੰ ਭੋਲੇ ਵਿਚੋਂ ਇੱਕ ਫ਼ੱਕਰ ਦੇ ਦਰਸ਼ਨ ਹੋਣਗੇ। 

****